ਲੁਧਿਆਣਾ: ਸਮਾਰਟ ਸਿਟੀ ਲੁਧਿਆਣਾ ਕਹਿਣ ਨੂੰ ਤਾਂ ਵਿਕਸਿਤ ਪੰਜਾਬ ਦੇ ਸ਼ਹਿਰਾਂ ਵਿੱਚੋਂ ਇੱਕ ਹੈ ਪਰ ਇਥੋਂ ਦੇ ਹਾਲਾਤ ਅਜਿਹੇ ਹਨ ਕਿ ਸਲਾਨਾ ਸੜਕ ਹਾਦਸਿਆਂ 'ਚ ਸ਼ਹਿਰ ਵਿੱਚ ਹੀ ਸੈਂਕੜੇ ਮੌਤਾਂ ਹੁੰਦੀਆਂ ਹਨ। ਜੇਕਰ ਗੱਲ 2018 ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਸੜਕ ਹਾਦਸਿਆਂ ਨਾਲ 300 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ, ਪਰ ਜੇ 2019 ਦੀ ਗੱਲ ਕੀਤੀ ਜਾਵੇ ਤਾਂ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 350 ਸੀ।
ਇਹ ਸਾਰੇ ਅੰਕੜੇ ਅਧਿਕਾਰਕ ਤੌਰ 'ਤੇ ਹਨ ਪਰ ਜੇ ਅਨਅਧਿਕਾਰਕ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ 550 ਹੈ। ਸਾਲ 2020 'ਚ ਕੋਰੋਨਾ ਮਹਾਂਮਾਰੀ ਕਰਕੇ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਲੁਧਿਆਣਾ 'ਚ ਸੜਕ ਹਾਦਸਿਆਂ ਨਾਲ ਹੁਣ ਤੱਕ ਮਹਿਜ਼ 9 ਮਹੀਨਿਆਂ 'ਚ 100 ਦੇ ਕਰੀਬ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਤਾਬਕ ਬਹੁਤ ਘੱਟ ਰਹੀ ਹੈ। ਇਸ ਦਾ ਕਾਰਨ ਕਰਫਿਊ ਅਤੇ ਲੌਕਡਾਊਨ ਨੂੰ ਮੰਨਿਆ ਜਾ ਸਕਦਾ ਹੈ।
ਲੁਧਿਆਣਾ ਤੋਂ ਟ੍ਰੈਫਿਕ ਦੇ ਮਾਹਿਰ ਕਮਲਜੀਤ ਸਿੰਘ ਸੋਹੀ ਨੇ ਦੱਸਿਆ ਕਿ ਲੁਧਿਆਣਾ ਹਾਦਸਿਆਂ ਦਾ ਸ਼ਹਿਰ ਹੈ, ਇੱਥੇ ਸਾਲ 'ਚ ਸੈਂਕੜੇ ਸੜਕ ਹਾਦਸਿਆਂ 'ਚ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜਾ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰ ਘਟਿਆ ਹੈ ਪਰ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਇੱਥੇ ਸੜਕ ਹਾਦਸੇ ਨਿੱਤ ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਸਮਾਰਟ ਕਿਹਾ ਜਾ ਸਕੇ।