ਗੁਰਦਾਸਪੁਰ: ਪੰਜਾਬ ਦੇ ਹਜ਼ਾਰਾਂ ਨੌਜਵਾਨ ਆਪਣੇ-ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਲਈ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਪਰ ਇਨ੍ਹਾਂ ਨੌਜਵਾਨਾਂ ਵਿੱਚੋਂ ਸਾਰੇ ਹੀ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਉਂਦੇ। ਕੁਝ ਲੋਕ ਗਲਤ ਕੰਪਨੀਆਂ ਜਾਂ ਗਲਤ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ਾਂ ਅੰਦਰ ਫਸ ਕੇ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਜੌਹਲ ਨੰਗਲ ਵਿਖੇ ਸਾਹਮਣੇ ਆਇਆ ਹੈ। ਇੱਥੋਂ ਦਾ ਰਹਿਣ ਵਾਲਾ 35 ਸਾਲਾਂ ਨੌਜਵਾਨ ਜਸਵੀਰ ਸਿੰਘ ਬਿਮਾਰ ਹੋਣ ਕਾਰਨ ਕੁਵੈਤ ਵਿੱਚ ਫਸ ਚੁੱਕਾ ਹੈ।
ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ, ਬਿਮਾਰ ਪੁੱਤਰ ਮੋੜ ਲਿਆਓ ਨੌਜਵਾਨ ਨੇ ਵੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਉੱਥੇ ਉਸ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਇੱਥੇ ਨਾਲ ਹੀ ਉਥੋਂ ਦੇ ਡਾਕਟਰਾਂ ਵੱਲੋਂ ਉਸ ਦੀ ਬਿਮਾਰੀ ਦੇ ਚੱਲਦੇ ਉਸ ਦਾ ਪੈਰ ਕੱਟੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਵੀਡੀਓ ਜਾਰੀ ਕਰਦਿਆਂ ਨੌਜਵਾਨ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਭਾਰਤ ਲਿਆ ਕੇ ਉਸ ਦਾ ਸਹੀ ਢੰਗ ਨਾਲ ਇਲਾਜ ਕਰਵਾਇਆ ਜਾਵੇ ਤਾਂ ਉਸ ਦਾ ਪੈਰ ਕੱਟਣ ਤੋਂ ਬਚਾਇਆ ਜਾ ਸਕਦਾ ਹੈ।
ਇਸ ਵੀਡੀਓ ਦੀ ਪੜਤਾਲ ਕਰਦਿਆਂ ਜਦੋਂ ਗੁਰਦਾਸਪੁਰ ਦੇ ਪਿੰਡ ਜੌਹਲ ਨੰਗਲ ਵਿਖੇ ਉਸ ਨੌਜਵਾਨ ਜਸਬੀਰ ਸਿੰਘ ਦੇ ਘਰ ਪਹੁੰਚਿਆ ਗਿਆ ਤਾਂ ਉਸ ਦੇ ਪਰਿਵਾਰ ਨੇ ਮਾਮਲੇ ਦੀ ਤਸਦੀਕ ਕਰਦਿਆਂ ਦੱਸਿਆ ਕਿ ਜਸਬੀਰ ਸਿੰਘ ਪਿਛਲੇ ਢਾਈ ਸਾਲਾਂ ਤੋਂ ਕੁਵੈਤ ਵਿਖੇ ਰਹਿ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਸਵੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੇਟ ਦੀ ਇਨਫੈਕਸ਼ਨ ਦਾ ਸ਼ਿਕਾਰ ਹੈ। ਪਰ ਕੁਵੈਤ ਦੇ ਡਾਕਟਰਾਂ ਵੱਲੋਂ ਉਸ ਦੀ ਬਿਮਾਰੀ ਨਾ ਸਮਝ ਆਉਣ ਕਾਰਨ ਉਸ ਦਾ ਪੈਰ ਕੱਟਣ ਦੀ ਗੱਲ ਕਹੀ ਜਾ ਰਹੀ ਹੈ।
ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਜਸਬੀਰ ਸਿੰਘ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਸ ਦਾ ਸਹੀ ਢੰਗ ਨਾਲ ਇਲਾਜ ਕਰਵਾ ਕੇ ਉਸ ਦਾ ਪੈਰ ਕੱਟਣ ਤੋਂ ਬਚਾਇਆ ਜਾ ਸਕੇ।
ਜਸਬੀਰ ਸਿੰਘ ਦੀ ਪਤਨੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਜਸਬੀਰ ਸਿੰਘ ਦੇ 2 ਸਾਲ ਅਤੇ ਢਾਈ ਸਾਲਾਂ ਦੋ ਬੱਚੇ ਹਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਘਰ ਵਿੱਚ ਜਸਬੀਰ ਸਿੰਘ ਦੇ ਬਜ਼ੁਰਗ ਪਿਤਾ ਹਨ ਅਤੇ ਉਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਘੱਟ ਜ਼ਮੀਨ ਉੱਪਰ ਦੋ ਬੱਚਿਆਂ ਦੇ ਭਾਰ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਸੀ। ਇਸ ਕਾਰਨ ਢਾਈ ਸਾਲ ਪਹਿਲਾਂ ਜਸਬੀਰ ਸਿੰਘ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਕੁਵੈਤ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਪਹਿਲਾਂ ਤੋਂ ਹੀ ਪੇਟ ਦੇ ਇਨਫੈਕਸ਼ਨ ਦਾ ਸ਼ਿਕਾਰ ਸੀ ਅਤੇ ਉਸ ਦੀ ਦਵਾਈ ਭਾਰਤ ਤੋਂ ਹੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਤਾਂ ਕੁਵੈਤ ਚਲਾ ਗਿਆ ਪਰ ਪਿੱਛੋਂ ਉਨ੍ਹਾਂ ਦਾ ਪਰਿਵਾਰ ਕੁਰੀਅਰ ਦੇ ਰਸਤੇ ਉਨ੍ਹਾਂ ਨੂੰ ਲਗਾਤਾਰ ਦਵਾਈ ਭੇਜਦਾ ਰਿਹਾ। ਬੀਤੇ 2 ਮਹੀਨਿਆਂ ਦੌਰਾਨ ਸ਼ੁਰੂ ਕੀਤੇ ਗਏ ਲੌਕਡਾਊਨ ਦੇ ਦੌਰਾਨ ਉਨ੍ਹਾਂ ਦਾ ਪਰਿਵਾਰ ਜਸਬੀਰ ਸਿੰਘ ਦੀ ਦਵਾਈ ਨਹੀਂ ਭੇਜ ਸਕਿਆ। ਦੂਜੇ ਪਾਸੇ ਦਵਾਈ ਨਾ ਮਿਲਣ ਕਾਰਨ ਜਸਬੀਰ ਸਿੰਘ ਦੀ ਬੀਮਾਰੀ ਵਧਦੀ ਗਈ ਅਤੇ ਉਥੋਂ ਦੇ ਡਾਕਟਰਾਂ ਨੂੰ ਜਸਬੀਰ ਸਿੰਘ ਦੀ ਅਸਲ ਬਿਮਾਰੀ ਬਾਰੇ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਦੀ ਹਾਲਤ ਇਨ੍ਹੀ ਵਿਗੜ ਚੁੱਕੀ ਹੈ ਕਿ ਉਥੋਂ ਦੇ ਡਾਕਟਰਾਂ ਮੁਤਾਬਕ ਜਸਬੀਰ ਸਿੰਘ ਦੀ ਜਾਨ ਬਚਾਉਣ ਲਈ ਉਸ ਦਾ ਪੈਰ ਕੱਟਣਾ ਜ਼ਰੂਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਵੈਤ ਦੇ ਡਾਕਟਰਾਂ ਨੂੰ ਜਸਬੀਰ ਦੀ ਬਿਮਾਰੀ ਦੀ ਸਮਝ ਨਹੀਂ ਆ ਰਹੀ। ਜਦੋਂ ਤੱਕ ਉਸ ਨੂੰ ਪੇਟ ਇਨਫੈਕਸ਼ਨ ਸਬੰਧੀ ਦਵਾਈ ਮਿਲਦੀ ਰਹੀ ਉਦੋਂ ਤੱਕ ਉਹ ਬਿਲਕੁਲ ਠੀਕ ਰਿਹਾ, ਪਰ ਲੌਕਡਾਊਨ ਦੇ ਚੱਲਦਿਆਂ ਜਿੱਦਾਂ ਹੀ ਉਸ ਦੀ ਦਵਾਈ ਖ਼ਤਮ ਹੋਈ ਤਾਂ ਉਸ ਦੀ ਬੀਮਾਰੀ ਵਧਣੀ ਸ਼ੁਰੂ ਹੋ ਗਈ।
ਉਨ੍ਹਾਂ ਕਿਹਾ ਕਿ ਜੇਕਰ ਜਸਬੀਰ ਸਿੰਘ ਨੂੰ ਮੁੜ ਤੋਂ ਭਾਰਤ ਵਾਪਸ ਲਿਆ ਕੇ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਉਸ ਦੇ ਕੱਟੇ ਜਾਣ ਵਾਲੇ ਪੈਰ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਜਸਵੀਰ ਸਿੰਘ ਨੂੰ ਜਿੰਨੀ ਜਲਦੀ ਹੋ ਸਕੇ ਕੁਵੈਤ ਤੋਂ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਸਹੀ ਇਲਾਜ ਕਰਵਾਇਆ ਜਾ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਬੀਰ ਸਿੰਘ ਦੇ ਬਜ਼ੁਰਗ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਭਾਰਤ ਬੁਲਾਇਆ ਜਾਏ ਤਾਂ ਜੋ ਉਸ ਦਾ ਸਹੀ ਇਲਾਜ ਕਰਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਰਾਹਤ ਮਿਲ ਸਕੇ।