ਗੁਰਦਾਸਪੁਰ: ਜਿਲ੍ਹੇ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ (Dera Baba Nanak News) ਵਿਖੇ ਆਪਣੀ ਫੇਰੀ ਦੌਰਾਨ ਉਥੋਂ ਦੇ ਉਮੀਦਵਾਰ ਰਵਿਕਰਨ ਸਿੰਘ ਕਾਹਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD President Sukhbir Badal) ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Home Minister Sukhjinder Singh Randhawa) ’ਤੇ ਕਤਲ ਕਰਵਾਉਣ ਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰੰਧਾਵਾ ਵੱਲੋਂ ਕਥਿਤ ਤੌਰ ’ਤੇ ਕੀਤੇ ਜਾ ਰਹੇ ਅਪਰਾਧਾਂ ਦੀ ਜਾਂਚ ਹੋਵੇਗੀ ਤੇ ਇਸ ਜੇਲ੍ਹ ਮੰਤਰੀ ਨੂੰ ਜੇਲ੍ਹ ਵਿੱਚ ਡੱਕਿਆ ਜਾਵੇਗਾ।
ਜਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਸੁਖਜਿਦੰਰ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਹੀ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਹਨ ਤੇ ਇਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਹਨ। ਸੁਖਬੀਰ ਬਾਦਲ ਨੇ ਰੰਧਾਵਾ ’ਤੇ ਬੀਜ ਘੁਟਾਲਾ ਕਰਨ ਤੇ ਹੋਰ ਘੁਟਾਲਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਿਲੇ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਪਹੁੰਚੇ ਸੀ ਤੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿਕਰਨ ਸਿੰਘ ਕਾਹਲੋਂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਗੁਰਦਵਾਰਾ ਦਰਬਾਰ ਸਾਹਿਬ ਨਤਮਸਤਕ ਹੋਏ।