ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਨਵਾਂ ਭੂਚਾਲ ਛੇੜ ਦਿੱਤਾ ਹੈ। ਇਸ ਨੂੰ ਲੈਕੇ ਜਿਥੇ ਵਿਰੋਧੀਆਂ ਵਲੋਂ ਨਵਜੋਤ ਸਿੱਧੂ 'ਤੇ ਤੰਜ ਕੱਸਿਆ ਜਾ ਰਿਹਾ ਹੈ,ਉਥੇ ਹੀ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਵਲੋਂ ਵੀ ਸਿੱਧੂ ਦੇ ਇਸ ਫੈਸਲੇ 'ਤੇ ਵਿਅੰਗ ਕੀਤਾ ਹੈ। ਕਾਬਿਲੇਗੌਰ ਹੈ ਕਿ ਸਿੱਧੂ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਲੱਗਭਗ 24 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਹੁਣ ਤੱਕ ਹਾਈਕਮਾਨ ਵਲੋਂ ਅਸਤੀਫ਼ੇ ਨੂੰ ਲੈਕੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਸੁਲਾਤਾਨਾ ਵਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਸਿੱਧੂ ਦੀ ਰਿਹਾਇਸ਼ 'ਤੇ ਪਹੁੰਚੇ ਕਈ ਲੀਡਰ
ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੀ ਹਮਾਇਤ 'ਚ ਕਈ ਵਿਧਾਇਕ ਅਤੇ ਲੀਡਰ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਨਵਜੋਤ ਸਿੱਧੂ ਨੂੰ ਮਨਾਉਣ ਲਈ ਜਿਥੇ ਪਰਗਟ ਸਿੰਘ, ਰਾਜ ਵੜਿੰਗ ਪਹੁੰਚੇ,ਉਥੇ ਹੀ ਸੁਖਪਾਲ ਖਹਿਰਾ ਵੀ ਨਵਜੋਤ ਸਿੱਧੂ ਦੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਇਸ ਤੋਂ ਇਲਾਵਾ ਸਿੱਧੂ ਨਾਲ ਮੁਲਾਕਾਤ ਲਈ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ,ਪਵਨ ਗੋਇਲ, ਪੰਜਾਬ ਕਾਂਗਰਸ ਦੇ ਖਜਾਨਚੀ ਗੁਲਜ਼ਾਰ ਇੰਦਰ ਸਿੰਘ ਚਹਿਲ,ਵਿਧਾਇਕ ਨੱਥੂ ਰਾਮ, ਸੁਰਜੀਤ ਧੀਮਾਨ, ਇੰਦਰਬੀਰ ਬੁਲਾਰੀਆ ਤੋਂ ਇਲਾਵਾ ਕਈ ਕਾਂਗਰਸੀ ਲੀਡਰਾਂ ਨੇ ਵੀ ਸਿੱਧੂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਘਮਸਾਣ, ਮੁੱਖ ਮੰਤਰੀ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ
ਮੁੱਖ ਮੰਤਰੀ ਕਰੇ ਮਸਲੇ ਦਾ ਹੱਲ: ਹਾਈਕਮਾਨ
ਨਵਜੋਤ ਸਿੱਧੂ ਵਲੋਂ 28 ਸਤੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਸਿੱਧੂ ਵਲੋਂ ਦਿੱਤੇ ਅਸਤੀਫ਼ੇ ਨੂੰ 24 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਪਰ ਹਾਈਕਮਾਨ ਵਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਮਸਲੇ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਮਸਲਿਆਂ ਨੂੰ ਪੰਜਾਬ 'ਚ ਹੀ ਖ਼ਤਮ ਕੀਤਾ ਜਾਵੇਗਾ।
ਜਲਦ ਹੋਵੇਗਾ ਮਸਲੇ ਦਾ ਹੱਲ: ਚੰਨੀ
ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਫੌਰੀ ਤੌਰ 'ਤੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ। ਜਿਸ 'ਚ ਉਨ੍ਹਾਂ ਜਿਥੇ ਪੰਜਾਬ ਦੇ ਮਸਲਿਆਂ ਸਬੰਧੀ ਗੱਲਬਾਤ ਕੀਤੀ, ਉਥੇ ਹੀ ਸਿੱਧੂ ਦੇ ਅਸਤੀਫ਼ੇ ਨੂੰ ਲੈਕੇ ਵੀ ਵਿਚਾਰ ਵਟਾਂਦਰਾ ਕੀਤਾ। ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਦੋ ਕਿਲੋਵਾਟ ਵਾਲੇ 53 ਲੱਖ ਦੇ ਕਰੀਬ ਖਪਤਕਾਰ ਦਾ ਬਿਜਲੀ ਬਿੱਲ ਮੁਆਫ਼ ਕੀਤਾ ਗਿਆ ਹੈ ਅਤੇ ਨਾਲ ਹੀ ਇੱਕ ਲੱਖ ਖਪਤਕਾਰ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ, ਉਹ ਮੁੜ ਬਹਾਲ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿੱਧੂ ਨਾਲ ਫੋਨ 'ਤੇ ਗੱਲਾਬਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਮਿਲਣ ਲਈ ਵੀ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਸਲੇ 'ਤੇ ਹੱਲ ਕੱਢਿਆ ਜਾਵੇਗਾ ਅਤੇ ਨਵਜੋਤ ਸਿੱਧੂ ਦੀ ਜੋ ਵੀ ਨਾਰਾਜ਼ਗੀ ਹੈ,ਉਸ ਨੂੰ ਦੂਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਜਿੰਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੂੰ ਨਹੀਂ ਪੰਜਾਬ ਦੀ ਕੋਈ ਸਮਝ: ਮਨੀਸ਼ ਤਿਵਾੜੀ
'ਨਵੇਂ ਪ੍ਰਧਾਨਾਂ ਦੇ ਨਾਮ ਦੀਆਂ ਚਰਚਾਵਾਂ'
ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ 'ਤੇ ਵਿਰੋਧੀਆਂ ਵਲੋਂ ਨਿਸ਼ਾਨਾ ਵੀ ਸਾਧਿਆ ਗਿਆ। ਇਸ ਵਿਚਾਲੇ ਖ਼ਬਰਾਂ ਇਹ ਵੀ ਆਈਆਂ ਕਿ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਹੁਣ ਨਾ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਸਬੰਧੀ ਸੂਤਰਾਂ ਦਾ ਕਹਿਣਾ ਸੀ ਕਿ ਹਾਈਕਮਾਨ ਪੰਜਾਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦੀ ਜਲਦ ਚੋਣ ਕਰ ਸਕਦੀ ਹੈ। ਇਸ ਲਈ ਸੂਤਰਾਂ ਦਾ ਕਹਿਣਾ ਸੀ ਕਿ ਕਾਂਗਰਸ ਹਾਈਕਮਾਨ ਜੇਕਰ ਸਿੱਧੂ ਦਾ ਅਸਤੀਫ਼ਾ ਮਨਜੂਰ ਕਰਦੀ ਹੈ ਤਾਂ ਰਵਨੀਤ ਬਿੱਟੂ, ਪਰਗਟ ਸਿੰਘ ਜਾਂ ਕੁਲਜੀਤ ਨਾਗਰਾ 'ਚੋਂ ਕਿਸੇ ਇੱਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਜਿੰਮੇਵਾਰੀ ਸੌਂਪ ਸਕਦੀ ਹੈ।
ਇਹ ਵੀ ਪੜ੍ਹੋ:ਅਸਤੀਫੇ ਤੋਂ ਬਾਅਦ ਪਹਿਲੀ ਵਾਰ ਬੋਲੇ ਸਿੱਧੂ , ਜਾਣੋ ਕੀ ਕਿਹਾ ?
'ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਵੀਡੀਓ ਆਈ ਸਾਹਮਣੇ'
ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਆਪਣੇ ਟਵਿਟਰ ਖਾਤੇ 'ਤੇ ਵੀਡੀਓ ਸਾਂਝੀ ਕੀਤੀ ਗਈ। ਇਸ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਅਹੁਦੇ ਲਈ ਨਹੀਂ ਸਗੋਂ ਪੰਜਾਬ ਦੇ ਭਲੇ ਲਈ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਲਈ ਅਹੁਦੇ ਕੋਈ ਮਾਇਨੇ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਉਹ ਲੜਾਈ ਲੜ ਰਹੇ ਹਨ, ਜਿਸ 'ਚ ਉਹ ਕੋਈ ਸਮਝੌਤਾ ਨਹੀਂ ਕਰਦੇ। ਆਪਣੀ ਵੀਡੀਓ 'ਚ ਸਿੱਧੂ ਨੇ ਕਿਹਾ ਕਿ ਦਾਗੀ ਲੀਡਰਾਂ ਅਤੇ ਅਫ਼ਸਰਾਂ ਨੂੰ ਅੱਗੇ ਲਿਆ ਕੇ ਪੰਜਾਬ ਦਾ ਭਲਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨਾਂ ਲੋਕਾਂ ਨੇ ਪੰਜਾਬ ਦੀ ਜਨਤਾ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ੱਦਦ ਕੀਤਾ, ਜਿਹੜੇ ਲੋਕਾਂ ਨੇ 6 ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਹਨ। ਹੁਣ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਪਿਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਹਨ, ਹੁਣ ਉਹ ਮਸਲੇ ਕਿਥੇ ਗਏ। ਉਨ੍ਹਾਂ ਆਖਿਆ ਕਿ ਮੇਰੀ ਰੂਹ ਕੁਰਲਾਉਂਦੀ ਹੈ, ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਸ ਨੂੰ ਏ.ਜੀ ਲਗਾਇਆ ਗਿਆ ਹੈ। ਇਨ੍ਹਾਂ ਹੀ ਨਹੀਂ ਸਗੋਂ ਸਿੱਧੂ ਨੇ ਆਖਿਆ ਕਿ, ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਸਹੀ ਮੁਕਾਮ 'ਤੇ ਪਹੁੰਚ ਸਕਾਂਗੇ। ਉਨ੍ਹਾਂ ਕਿਹਾ ਕਿ ਨਾਂ ਤਾਂ ਮੈਂ ਹਾਈਕਮਾਨ ਨੂੰ ਗੁੰਮਰਾਹ ਕਰ ਸਕਦਾ ਹਾਂ ਤੇ ਨਾਂ ਹੀ ਹੋਣ ਦੇ ਸਕਦਾ ਹਾਂ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਸਿੱਧੂ ਨਾਲ ਬੈਠ ਕੇ ਹੱਲ ਕੀਤਾ ਜਾਵੇਗਾ ਮਸਲਾ: ਚਰਨਜੀਤ ਚੰਨੀ