ਚੰਡੀਗੜ੍ਹ: ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਹੀ ਜਾ ਰਹੇ ਹਨ ਤੇ ਰੁਜ਼ਾਨਾ 200 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਹੈਲਥ ਮਿਨਿਸਟਰੀ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਭੇਜੀ ਗਈ ਹੈ ਜਿਨ੍ਹਾਂ ਵਿੱਚੋਂ ਇੱਕ ਟੀਮ ਪੰਜਾਬ ਦੇ ਲਈ ਹੈ ਤਾਂ ਦੂਜੀ ਟੀਮ ਚੰਡੀਗੜ੍ਹ ਦੇ ਲਈ ਹੈ।
ਚੰਡੀਗੜ੍ਹ ਦੇ ਲਈ ਬਣਾਈ ਗਈ ਟੀਮ ਵਿੱਚ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਬਿਜ਼ਨੈਸ ਹੈਲਥ ਦੀ ਐਡੀਸ਼ਨਲ ਪ੍ਰੋਫ਼ੈਸਰ ਟੀ ਐਮ ਲਕਸ਼ਮੀ ਦੇ ਨਾਲ ਦਿੱਲੀ ਦੇ ਡਿਜੀਟਲ ਡਿਪਾਰਟਮੈਂਟ ਦੇ ਡਾਕਟਰ ਤੇ ਚੰਡੀਗੜ੍ਹ ਦੇ ਸਿਹਤ ਵਿਭਾਗ ਦੀ ਟੀਮ ਸ਼ਹਿਰ ਵਿੱਚ ਕੋਰੋਨਾ ਨੂੰ ਫੈਲਣ ਦੇ ਕਾਰਨਾਂ ਤੇ ਉਸ ਨੂੰ ਰੋਕਣ ਦੇ ਲਈ ਸੁਝਾਅ ਦੇਵੇਗੀ। ਇਸ ਸਬੰਧੀ ਮੀਟਿੰਗ ਵੀ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਤੈਅ ਹੋਈ ਹੈ।
ਪੰਜਾਬ ਤੇ ਚੰਡੀਗੜ੍ਹ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਲਈ ਹੈਲਥ ਮਨਿਸਟਰੀ ਨੇ ਭੇਜੀ ਮਾਹਰਾਂ ਦੀ ਟੀਮ
ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਤੇ ਕਾਬੂ ਪਾਉਣ ਲਈ ਦਿੱਲੀ ਤੋਂ ਮਾਹਰ ਡਾਕਟਰਾਂ ਦੀ ਟੀਮ ਚੰਡੀਗੜ੍ਹ ਭੇਜੀ ਗਈ ਹੈ। ਇਸ ਟੀਮ ਵਿੱਚ ਪੀਜੀਆਈ ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਤੇ ਸਕੂਲ ਆਫ਼ ਪਬਲਿਕ ਹੈਲਥ ਦੇ ਡਾਕਟਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਲਈ 2 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਟੀਮ ਪੰਜਾਬ ਤੇ ਦੂਜੀ ਟੀਮ ਚੰਡੀਗੜ੍ਹ ਦੇ ਲਈ ਬਣਾਈ ਗਈ ਹੈ।
ਉੱਥੇ ਹੀ ਪੰਜਾਬ ਦੇ ਲਈ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਦੇ ਡਾ. ਜੇ ਐੱਸ ਠਾਕੁਰ ਤੇ ਦਿੱਲੀ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡਾ. ਅਕਸ਼ੈ ਕੁਮਾਰ ਤੋਂ ਇਲਾਵਾ ਪੰਜਾਬ ਦੀ ਸਿਹਤ ਵਿਭਾਗ ਦੀ ਟੀਮ ਹੋਵੇਗੀ। ਇਸ ਟੀਮ ਦੀ ਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰੋਫ਼ੈਸਰ ਜਗਤ ਰਾਮ ਨੇ ਦੱਸਿਆ ਕਿ ਹੈਲਥ ਮਿਨਿਸਟਰੀ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲਈ 2 ਡਾਕਟਰਾਂ ਦੇ ਨਾਂਅ ਮੰਗੇ ਸੀ, ਉਹ ਉਨ੍ਹਾਂ ਨੇ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਟੀਮ ਮਿਲ ਕੇ ਆਪਣੇ ਪੱਧਰ 'ਤੇ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕੇਗੀ।
ਜ਼ਿਕਰਯੋਗ ਹੈ ਕਿ ਹੈਲਥ ਮਿਨਿਸਟਰੀ ਵੱਲੋਂ ਭੇਜੀ ਗਈ ਟੀਮ ਕੋਰੋਨਾ ਮਹਾਂਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨ, ਲੋਕਾਂ ਦੀ ਜਾਨ ਬਚਾਉਣ ਤੇ ਕੋਰੋਨਾ 'ਤੇ ਕਾਬੂ ਪਾਉਣ ਲਈ ਨਿਗਰਾਨੀ ਟੈਸਟਿੰਗ ਤੇ ਇਸ ਦੇ ਮਰੀਜ਼ਾਂ ਦੇ ਇਲਾਜ 'ਤੇ ਪਬਲਿਕ ਹੈਲਥ ਸਬੰਧੀ ਸੁਝਾਵਾਂ ਨੂੰ ਪੇਸ਼ ਕਰੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਹੱਥ ਖੜ੍ਹੇ ਕਰ ਦਿੱਤੇ ਸਨ ਤੇ ਹੈਲਥ ਮਿਨਿਸਟਰੀ ਤੋਂ ਇੱਕ ਟੀਮ ਮੰਗੀ ਗਈ ਸੀ। ਅਗਸਤ ਅਤੇ ਸਤੰਬਰ ਵਿੱਚ ਤੇਜ਼ੀ ਨਾਲ ਫੈਲੇ ਮਾਮਲਿਆਂ ਕਰਕੇ ਜ਼ਿਆਦਾ ਮੌਤਾਂ ਹੋਈਆਂ ਸਨ। ਇਸ ਤੋਂ ਬਾਅਦ ਹੈਲਥ ਮਿਨਿਸਟਰੀ ਵੱਲੋਂ ਜਾਣਕਾਰੀ ਲਈ ਗਈ ਸੀ ਤੇ ਫਿਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੇਂਦਰ ਵੱਲੋਂ ਮੈਡੀਕਲ ਟੀਮ ਭੇਜ ਕੇ ਸੁਝਾਅ ਦੇਣ ਲਈ ਕਿਹਾ ਸੀ।