ਚੰਡੀਗੜ੍ਹ: ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਡੀਏਪੀ ਖਾਦ ਦੀਆਂ ਕੀਮਤਾਂ ਚ 700 ਰੁਪਏ ਪ੍ਰਤੀ ਥੈਲਾ ਵਾਧਾ ਕੀਤਾ ਗਿਆ ਹੈ ਜਿਸ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਨਿਖੇਧੀ ਕੀਤੀ ਹੈ।
ਸਰਕਾਰ ਕਿਸਾਨਾਂ ਨੂੰ ਕਰ ਰਹੀ ਹੈ ਪਰੇਸ਼ਾਨ- ਚੀਮਾ
ਵਿਰੋਧੀ ਧੀਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਡੀਏਪੀ ਦੀ ਖਾਦ ਦੇ 50 ਕਿਲੋ ਵਜ਼ਨ ਦੇ ਇੱਕ ਥੈਲੇ ਦੀ ਕੀਮਤ ’ਚ 700 ਰੁਪਏ ਵਾਧਾ ਕੀਤਾ ਹੈ। ਪਹਿਲਾਂ ਹੀ ਕਿਸਾਨ ਪਰੇਸ਼ਾਨ ਹਨ ਤੇ ਇਸ ਵਾਧੇ ਨਾਲ ਸਰਕਾਰ ਨੇ ਕਿਸਾਨਾਂ ਦਾ ਲੱਕ ਤੋੜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖਾਦ ਦਾ ਜਿਹੜਾ ਥੈਲਾ ਪਹਿਲਾਂ 1200 ਰੁਪਏ ’ਚ ਮਿਲਦਾ ਸੀ ਉਹ ਹੁਣ ਕਿਸਾਨਾਂ ਨੂੰ 1900 ਰੁਪਏ ’ਚ ਮਿਲ ਰਿਹਾ ਹੈ।
'ਡੀਜ਼ਲ ਅਤੇ ਖਾਦਾਂ ਦੀਆਂ ਕੀਮਤਾਂ ’ਚ ਕੀਤਾ ਜਾ ਰਿਹਾ ਵਾਧਾ'
ਹਰਪਾਲ ਚੀਮਾ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਕੇਂਦਰ ਦੀ ਸੱਤਾ ’ਤੇ ਕਾਬਜ਼ ਹੋਈ ਹੈ ਉਦੋਂ ਤੋਂ ਹੀ ਸਰਕਾਰ ਵੱਲੋਂ ਕਿਸਾਨ ਅਤੇ ਕਿਸਾਨੀ ਵਿਰੁੱਧ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਲਗਾਤਾਰ ਡੀਜ਼ਲ ਅਤੇ ਖਾਦਾਂ ਦੀਆਂ ਕੀਮਤਾਂ ਚ ਵਾਧਾ ਕੀਤਾ ਜਾ ਰਿਹਾ ਹੈ। ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਨੂੰ ਟੈਕਸਾਂ ਤੋਂ ਮੁਕਤ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਖੇਤੀਬਾੜੀ ਦੇ ਸੰਦਾਂ ਅਤੇ ਕੀਟਨਾਸ਼ਕ ਦਵਾਈਆਂ ’ਤੇ ਵੀ ਭਾਰੀ ਟੈਕਸ ਲਗਾਏ ਗਏ ਹਨ।