ਚੰਡੀਗੜ੍ਹ:ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ। ਇਸ ਦੌਰਾਨ ਰਾਮ ਰਹੀਮ ਨੂੰ ਹੁਣ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਗੁਰਮੀਤ ਰਾਮ ਰਹੀਮ ਨੂੰ ਹੁਣ ਜ਼ੈੱਡ ਪਲੱਸ ਸੁਰੱਖਿਆ 'ਚ ਰੱਖਿਆ ਜਾਵੇਗਾ। ਇਸ ਸਬੰਧੀ ਏਡੀਜੀ ਸੀਆਈਡੀ ਵੱਲੋਂ ਰੋਹਤਕ ਰੇਂਜ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ। ਇਹ ਪੱਤਰ 6 ਫਰਵਰੀ ਨੂੰ ਲਿਖਿਆ ਗਿਆ ਸੀ।
ਦੱਸ ਦਈਏ ਕਿ ਰਾਮ ਰਹੀਮ ਨੂੰ ਸੁਰੱਖਿਆ ਦੇਣ ਦੇ ਲਈ ਪੱਤਰ ਹਰਿਆਣਾ ਪੁਲਿਸ ਦੇ ਏਡੀਜੀਪੀ ਵੱਲੋਂ ਰੋਹਤਕ ਰੇਂਜ ਦੇ ਕਮਿਸ਼ਨਰ ਨੂੰ ਲਿਖਿਆ ਗਿਆ ਹੈ। ਜਿਸ ’ਚ ਜੈੱਡ ਪਲੱਸ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਪੱਤਰ ਚ ਇੰਟੇਲ ਏਜੰਸੀ ਦੀ ਇਨਪੁੱਟਸ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਇਨਪੁਟ ਮਿਲੇ ਹਨ ਕਿ ਰਾਮ ਰਹੀਮ ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰਾ ਹੈ। ਇਸ ਤੋਂ ਇਲਾਵਾ ਸਜ਼ਾ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਇਸ ਖਤਰੇ ਦੇ ਮੱਦੇਨਜ਼ਰ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰਨਾ ਜ਼ਰੂਰੀ ਹੈ।
ਰਾਮ ਰਹੀਮ ਦੀ ਫਰਲੋ ਖਿਲਾਫ ਕਿਸਨੇ ਦਾਇਰ ਕੀਤੀ ਪਟੀਸ਼ਨ?
ਪੰਜਾਬ ਦੇ ਸਮਾਣਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਵਿੱਚ 56 ਸਾਲਾ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਸੋਹਾਲੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਅਜਿਹੇ ਸਮੇਂ ਵਿੱਚ ਛੁੱਟੀ ਦਿੱਤੀ ਗਈ ਹੈ ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਸ ਕਾਰਨ ਪੰਜਾਬ ਵਿੱਚ ਸ਼ਾਂਤੀ ਭੰਗ ਹੋਣ ਦਾ ਡਰ ਹੈ। ਪਟੀਸ਼ਨ ਮੁਤਾਬਕ ਡੇਰਾ ਪੰਜਾਬ ਦੇ ਕੁਝ ਇਲਾਕਿਆਂ 'ਚ ਆਪਣੇ ਪ੍ਰਭਾਵ ਦਾ ਦਾਅਵਾ ਕਰਦਾ ਰਿਹਾ ਹੈ, ਡੇਰਾ ਮੁਖੀ ਦੀ ਰਿਹਾਈ ਨਾਲ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਤੇ ਮਾੜਾ ਅਸਰ ਪਵੇਗਾ।