ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਸਾਨੀ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ 'ਤੇ ਕੀਤੇ ਹਮਲੇ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸਾਨੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਆਪਣੀ ਅਸਫ਼ਲਤਾ ਨੂੰ ਲੁਕਾਉਣ ਲਈ ਬੁਖਲਾਹਟ ਵਿੱਚ ਆ ਕੇ ਸ਼ਰਮਨਾਕ ਨੀਵੇਂ ਦਰਜੇ ਦੀ ਰਾਜਨੀਤੀ ਕਰਦਾ ਹੋਇਆ ਬੇਤੁਕੀ ਦੋਹਰੀ ਬੋਲੀ ਬੋਲ ਰਿਹਾ ਹੈ।
ਕੇਂਦਰੀ ਕਾਨੂੰਨਾਂ ਨੂੰ ਦਿੱਲੀ ਵਿੱਚ ਨੋਟੀਫਾਈ ਕਰਕੇ ਕਿਸਾਨਾਂ ਦੀ ਲੜਾਈ ਨੂੰ ਕਮਜ਼ੋਰ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂ ਦੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ, ''ਤੁਸੀਂ ਪੰਜਾਬ ਵਾਂਗ ਆਪਣੇ ਸੂਬੇ ਦੀ ਵਿਧਾਨ ਸਭਾ ਵਿੱਚ ਵਿੱਚ ਕਾਨੂੰਨ ਪਾਸ ਕਰਕੇ ਕੇਂਦਰ ਖਿਲਾਫ ਸਟੈਂਡ ਕਿਉਂ ਨਹੀਂ ਲੈਂਦੇ?''
ਮੁੱਖ ਮੰਤਰੀ ਨੇ ਕੇਜਰੀਵਾਲ ਦੇ ਉਸ ਦਾਅਵੇ ਨੂੰ ਮੂਲੋਂ ਰੱਦ ਕੀਤਾ ਕਿ ਸੂਬੇ ਕੇਂਦਰੀ ਕਾਨੂੰਨਾਂ ਖਿਲਾਫ ਬੇਵੱਸ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਆਗੂ ਖਤਰਨਾਕ ਕਾਨੂੰਨਾਂ ਖਿਲਾਫ ਲੜਾਈ ਲੜਨ ਦੀ ਕੋਸ਼ਿਸ਼ ਵੀ ਨਹੀਂ ਕਰਨਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ, ''ਇਹ ਮੀਸਣਾ ਵਿਅਕਤੀ ਜਿਸ ਦੇ ਦੋਹਰੇ ਮਾਪਦੰਡ ਵਾਰ-ਵਾਰ ਸਾਹਮਣੇ ਆ ਰਹੇ ਹਨ, ਹੁਣ ਇਸ ਮੁੱਦੇ ਉੱਤੇ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ।''
ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਕੇਜਰੀਵਾਲ ਦੀ ਸਖ਼ਤ ਨਿਖੇਧੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਸੇ ਵੀ ਸਿਆਸਤ-ਬਾਜ਼ੀ ਦੀ ਵਿਰੋਧਤਾ ਦੀ ਆੜ ਵਿੱਚ ਢਕਵੰਜ ਕਰਨ ਅਤੇ ਘਟੀਆ ਸਿਆਸਤ ਖੇਡਣ ਲਈ ਕੇਜਰੀਵਾਲ ਨੂੰ ਫਿਟਕਾਰ ਲਾਈ।