ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਸਿਆਸਤ ਲਗਾਤਾਰ ਗਰਮਾ ਗਈ ਹੈ। ਇਸ ਨੂੰ ਲੈਕੇ ਭਾਜਪਾ ਵਲੋਂ 'ਆਪ' ਦੀ ਸੀਨੀਅਰ ਲੀਡਰਸ਼ਿਪ 'ਤੇ ਸਵਾਲ ਚੁੱਕੇ ਹਨ।
ਪਾਰਟੀ ਦੀ ਨੀਤੀ ਤੋਂ ਨਾਰਾਜ਼ ਵਿਧਾਇਕ ਅਤੇ ਵਲੰਟੀਅਰ: ਭਾਜਪਾ
ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਰੁਪਿੰਦਰ ਕੌਰ ਰੂਬੀ ਵੱਲੋਂ ਲਿਆ ਇਹ ਫੈਸਲਾ ਦੇਰੀ ਨਾਲ ਲਿਆ ਗਿਆ ਹੈ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਦੀਆਂ ਵਧੀਕੀਆਂ ਤੋਂ ਕਾਫ਼ੀ ਸਮੇਂ ਤੋਂ ਪੀੜਤ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਵਲੰਟੀਅਰਾਂ ਦੀ ਕੋਈ ਕਦਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਅਤੇ ਵਾਲੰਟੀਅਰ ਵੀ ਪਾਰਟੀ ਨੂੰ ਅਲਵਿਦਾ ਆਖਣਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸੀਟਾਂ ਪ੍ਰਾਪਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਸਨ ਅਤੇ ਟਿਕਟਾਂ ਵੱਡਣ ਸਮੇਂ ਜਿਸ ਤਰ੍ਹਾਂ ਦੀ ਲੁੱਟ ਖਸੁੱਟ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ ਸੀ, ਉਸ ਦਾ ਹੀ ਪ੍ਰਮਾਣ ਹੈ ਕਿ ਅੱਜ ਹੌਲੀ-ਹੌਲੀ ਆਮ ਆਦਮੀ ਪਾਰਟੀ ਤੋਂ ਵਲੰਟੀਅਰ ਤੇ ਵਰਕਰ ਦੂਰੀ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਜੇ ਸ਼ੁਰੂਆਤ ਹੋਈ ਹੈ, ਹੌਲੀ-ਹੌਲੀ ਭਗਵੰਤ ਮਾਨ ਜਾਂ ਹੋਰ ਕਈ ਵਿਧਾਇਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣਗੇ ਅਤੇ ਦੋ ਹਜਾਰ ਬਾਈ 'ਚ ਸੂਬੇ ਦੇ ਲੋਕ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣਗੇ।
ਟਿਕਟ ਲਈ ਸਿਆਸੀ ਜ਼ਮੀਨ ਤਲਾਸ਼ ਰਹੀ ਰੁਪਿੰਦਰ ਰੂਬੀ : 'ਆਪ'
ਰੁਪਿੰਦਰ ਕੌਰ ਰੂਬੀ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਸਮੀਕਰਨਾਂ 'ਤੇ ਬੋਲਦਿਆਂ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਸੂਲਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦਿੱਤੀ ਗਈ ਸੀ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕਾ ਦਾ ਮਾਣ ਬਖ਼ਸ਼ਿਆ ਸੀ, ਪਰ ਰੁਪਿੰਦਰ ਰੂਬੀ ਵੱਲੋਂ ਲਗਾਤਾਰ ਵਲੰਟੀਅਰਾਂ ਅਤੇ ਵਰਕਰਾਂ ਤੋਂ ਦੂਰੀ ਬਣਾਈ ਰੱਖੀ।
'ਆਪ' ਦੇ ਬੁਲਾਰੇ ਨੇ ਕਿਹਾ ਕਿ ਹੁਣ ਆਪਣੀ ਸਿਆਸੀ ਜ਼ਮੀਨ ਖਿਸਕਦੀ ਵੇਖ ਉਨ੍ਹਾਂ ਟਿਕਟ ਦੀ ਤਲਾਸ਼ ਲਈ ਪਾਰਟੀ ਛੱਡ ਕਾਂਗਰਸ 'ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲਿਆਂ ਨੂੰ ਹੀ ਟਿਕਟ ਦਿੰਦੀ ਹੈ।