ਨਵੀਂ ਦਿੱਲੀ: ਰਿਜ਼ਰਵ ਬੈਂਕ ਡਿਜੀਟਲ ਲੈਣ-ਦੇਣ ਨੂੰ ਉਤਸਾਹਿਤ ਕਰਨ ਲਈ ਅੱਜ ਰਾਤ 12 ਵਜੇ ਤੋਂ ਰਾਸ਼ਟਰੀ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ ਸਿਸਟਮ (ਐਨਈਐਫਟੀ) ਦੇ ਜ਼ਰੀਏ 24 ਘੰਟੇ ਟ੍ਰਾਂਜੈਕਸ਼ਨ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ। ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਐਨਈਐਫਟੀ ਅਧੀਨ ਲੈਣ-ਦੇਣ ਦੀ ਸਹੂਲਤ ਹਫ਼ਤੇ ਦੇ ਸੱਤ ਦਿਨ ਅਤੇ ਛੁੱਟੀਆਂ ਸਮੇਤ ਦਿਨ ਵਿੱਚ 24 ਘੰਟੇ ਉਪਲਬਧ ਹੋਵੇਗੀ।
ਐਨਈਐਫਟੀ ਟ੍ਰਾਂਜੈਕਸ਼ਨਾਂ ਦਾ ਨਿਪਟਾਰਾ ਆਮ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਇੱਕ ਘੰਟਾ ਦੇ ਅਧਾਰ ਤੇ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਐਨਈਐਫਟੀ ਲੈਣ-ਦੇਣ ਨੂੰ 24 ਘੰਟੇ ਯਾਨੀ ਕਿ ਹਫ਼ਤੇ ਦੇ ਸੱਤਾਂ ਦਿਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।