ਨਵੀਂ ਦਿੱਲੀ : ਰਿਲਾਇੰਸ ਜਿਓ ਗਾਹਕਾਂ ਤੋਂ ਕਿਸੇ ਹੋਰ ਕੰਪਨੀ ਦੇ ਨੈੱਟਵਰਕ ਉੱਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ਼ ਲਵੇਗੀ। ਕੰਪਨੀ ਇਸ ਦੀ ਭਰਪਾਈ ਲਈ ਗਾਹਕਾਂ ਨੂੰ ਬਰਾਬਰ ਮੁੱਲ ਦਾ ਮੁਫ਼ਤ ਡਾਟਾ ਦੇਵੇਗੀ। ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਤੱਕ ਕਿਸੇ ਕੰਪਨੀ ਨੂੰ ਆਪਣੇ ਗਾਹਕਾਂ ਵੱਲੋਂ ਕਿਸੇ ਹੋਰ ਨੈੱਟਵਰਕ ਉੱਤੇ ਫ਼ੋਨ ਕਰਨ ਲਈ ਭੁਗਤਾਨ ਕਰਨਾ ਹੋਵੇਗਾ, ਉਦੋਂ ਤੱਕ ਗਾਹਕਾਂ ਤੋਂ ਇਹ ਚਾਰਜ਼ ਨਹੀਂ ਲਿਆ ਜਾਵੇਗਾ। ਇਹ ਨਿਯਮ 10 ਅਕਤੂਬਰ ਤੋਂ ਬਾਅਦ ਕੀਤੇ ਗਏ ਰਿਚਾਰਜ ਉੱਤੇ ਲਾਗੂ ਹੋਵੇਗਾ।
ਜਿਓ ਨੇ ਜਾਰੀ ਕੀਤੇ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਪਲਾਨ
ਹੋਰ ਕੰਪਨੀਆਂ ਦੇ ਨੈੱਟਵਰਕ ਉੱਤੇ ਕਾਲਿੰਗ ਲਈ ਜਿਓ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਟਾਪ ਅੱਪ ਵਾਉਚਰ ਵੀ ਜਾਰੀ ਕਰੇਗੀ। 10 ਰੁਪਏ ਵਾਲੇ ਪਲਾਨ ਵਿੱਚ ਦੂਸਰੇ ਨੰਬਰ ਉੱਤੇ 124 ਮਿੰਟ ਕਾਲਿੰਗ ਕੀਤੀ ਜਾ ਸਕਦੀ ਹੈ। ਉੱਥੇ ਹੀ 20 ਮਿੰਟ ਰੁਪਏ ਵਾਲੇ ਪਲਾਨ ਵਿੱਚ 249 ਮਿੰਟ, 40 ਰੁਪਏ ਵਾਲੇ ਪਲਾਨ ਵਿੱਚ 656 ਮਿੰਟ ਅਤੇ 100 ਰੁਪਏ ਵਾਲੇ ਪਲਾਨ ਵਿੱਚ 1,362 ਮਿੰਟ ਕਾਲਿੰਗ ਹੋ ਸਕੇਗੀ।
ਇੰਨ੍ਹਾਂ ਉੱਤੇ ਨਹੀਂ ਲੱਗੇਗਾ ਚਾਰਜ
- ਜਿਓ ਤੋਂ ਜਿਓ ਕਾਲ ਉੱਤੇ
- ਸਾਰੇ ਆਉਣ ਵਾਲੀਆਂ ਕਾਲਾਂ ਉੱਤੇ
- ਜਿਓ ਤੋਂ ਲੈਂਡਲਾਈਨ ਕਾਲ ਉੱਤੇ
- ਵਟਸਐੱਪ ਅਤੇ ਫੇਸਟਾਈਮ ਜਾਂ ਹੋਰ ਪਲੇਟਫ਼ਾਰਮ ਰਾਹੀਂ ਕੀਤੀ ਗਈ ਕਾਲ ਉੱਤੇ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇੰਟਰਕਨੈਕਟ ਵਰਤੋਂ ਚਾਰਜ (ਆਈਯੂਸੀ) ਨੂੰ 2017 ਵਿੱਚ 14 ਪੈਸੇ ਤੋਂ ਘਟਾ ਕੇ 6 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਸੀ। ਟ੍ਰਾਈ ਨੇ ਕਿਹਾ ਸੀ ਕਿ ਜਨਵਰੀ 2020 ਤੱਕ ਇਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਹੁਣ ਟ੍ਰਾਈ ਨੇ ਇਸ ਬਾਰੇ ਸੂਚਨਾ ਪੱਤਰ ਜਾਰੀ ਕੀਤਾ ਹੈ।