ਬੈਂਗਲੁਰੂ:ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਕਿਹਾ ਕਿ ਪਤਨੀ ਨੂੰ ਬਿਨਾਂ ਕਿਸੇ ਭਾਵਨਾਤਮਕ ਰਿਸ਼ਤੇ ਦੇ ਏਟੀਐਮ ਦੇ ਤੌਰ ਉੱਤੇ ਵਰਤਣਾ ਮਾਨਸਿਕ ਸ਼ੋਸ਼ਣ ਦੇ ਬਰਾਬਰ ਹੋਵੇਗਾ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਜੇਐਮ ਖਾਜੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਨਾਲ ਹੀ ਅਦਾਲਤ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰਦੇ ਹੋਏ ਇਸ ਮਾਮਲੇ ਵਿਚ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੈਂਚ ਨੇ ਕਿਹਾ ਕਿ ਪਤੀ ਨੇ ਬਿਜ਼ਨੈਸ ਸ਼ੁਰੂ ਕਰਨ ਦੇ ਬਹਾਨੇ ਪਤਨੀ ਕੋਲੋਂ 60 ਲੱਖ ਰੁਪਏ ਲਏ ਸੀ। ਉਹ ਉਸ ਨੂੰ ਇਕ ਏਟੀਐਮ ਦੇ ਰੂਪ ਵਜੋਂ ਹੀ ਮੰਨਦਾ ਸੀ। ਉਸ ਨੂੰ ਆਪਣੀ ਪਤਨੀ ਨਾਲ ਕੋਈ ਭਾਵਨਾਤਮ ਲਗਾਅ ਨਹੀਂ ਸੀ। ਪਤੀ ਦੇ ਵਿਵਹਾਰ ਕਰਕੇ, ਪਤਨੀ ਨੂੰ ਮਾਨਸਿਕ ਠੇਸ ਪਹੁੰਚੀ ਹੈ। ਕੋਰਟ ਨੇ ਕਿਹਾ ਕਿ, "ਇਸ ਮਾਮਲੇ ਵਿੱਚ ਪਤੀ ਵਲੋਂ ਪਤਨੀ ਨੂੰ ਦਿੱਤੇ ਗਏ ਤਣਾਅ ਨੂੰ ਮਾਨਸਿਕ ਸ਼ੋਸ਼ਣ ਵਜੋਂ ਮੰਨਿਆ ਜਾ ਸਕਦਾ ਹੈ। ਪਰਿਵਾਰਿਕ ਅਦਾਲਤ ਇਨ੍ਹਾਂ ਸਾਰਿਆਂ ਕਾਰਕਾਂ ਉੱਤੇ ਵਿਚਾਰ ਕਰਨ ਵਿੱਚ ਅਸਫ਼ਲ ਰਹੀ ਹੈ। ਉਸ ਅਦਾਲਤ ਨੇ ਪਟੀਸ਼ਨਕਰਤਾ ਪਤਨੀ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਸ ਦਾ ਬਿਆਨ ਦਰਜ ਕੀਤਾ।" ਬੈਂਚ ਨੇ ਕਿਹਾ ਕਿ, "ਪਤਨੀ ਦੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਤਲਾਕ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।"