ਲਖਨਊ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਗਨੀਪਥ ਯੋਜਨਾ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਹੋਏ। ਇਸ ਦੌਰਾਨ ਗੁੱਸੇ 'ਚ ਆਏ ਨੌਜਵਾਨਾਂ ਨੇ ਕਈ ਥਾਵਾਂ 'ਤੇ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ। ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਨਿੱਜੀ ਅਤੇ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਹੈ। ਹੁਣ ਯੂਪੀ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਬਦਮਾਸ਼ਾਂ ਖਿਲਾਫ਼ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 260 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਲੀਗੜ੍ਹ ਪੁਲਿਸ ਨੇ ਭੜਕੇ ਪ੍ਰਦਰਸ਼ਨਕਾਰੀਆਂ ਦੇ ਪੋਸਟਰ ਜਾਰੀ ਕੀਤੇ ਹਨ।
ਯੂਪੀ ਦੇ ਬਲੀਆ ਵਿੱਚ ਸ਼ੁੱਕਰਵਾਰ ਨੂੰ, ਨੌਜਵਾਨਾਂ ਨੇ ਕੇਂਦਰ ਦੀ ਫੌਜ ਵਿੱਚ ਭਰਤੀ ਲਈ 'ਅਗਨੀਪਥ' ਯੋਜਨਾ ਦਾ ਵਿਰੋਧ ਕਰਦੇ ਹੋਏ ਇੱਕ ਖਾਲੀ ਟਰੇਨ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਅਲੀਗੜ੍ਹ, ਵਾਰਾਣਸੀ ਅਤੇ ਫਿਰੋਜ਼ਾਬਾਦ ਵਿੱਚ ਵੀ ਹਿੰਸਕ ਪ੍ਰਦਰਸ਼ਨ ਹੋਏ। ਇਸ ਕਾਰਨ ਸਰਕਾਰੀ ਬੱਸਾਂ ਅਤੇ ਹੋਰ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ।
ਯੂਪੀ ਪੁਲਿਸ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਫ਼ਿਰੋਜ਼ਾਬਾਦ, ਅਲੀਗੜ੍ਹ, ਵਾਰਾਣਸੀ ਅਤੇ ਨੋਇਡਾ ਵਿੱਚ ਕੁੱਲ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ 'ਚ 260 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਬਲੀਆ ਵਿੱਚ 109, ਮਥੁਰਾ ਵਿੱਚ 70, ਅਲੀਗੜ੍ਹ ਵਿੱਚ 30, ਵਾਰਾਣਸੀ ਕਮਿਸ਼ਨਰੇਟ ਵਿੱਚ 27, ਨੋਇਡਾ ਕਮਿਸ਼ਨਰੇਟ ਵਿੱਚ 15 ਅਤੇ ਆਗਰਾ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਤੇ ਜੀਆਰਪੀ ਦੀ ਛੁੱਟੀ ਰੱਦ: ਫੌਜ ਦੀ ਭਰਤੀ ਦੀ ਅਗਨੀਪਥ ਯੋਜਨਾ ਦੇ ਵਿਰੋਧ ਦੇ ਮੱਦੇਨਜ਼ਰ, ਯੂਪੀ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ 23 ਜੂਨ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀ ਰੇਲ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਕਾਰਨ 23 ਜੂਨ ਤੱਕ ਜੀਆਰਪੀ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ ਪੁਲਿਸ ਦੇ SI ਦੀ ਅੱਤਵਾਦੀਆਂ ਨੇ ਕੀਤੀ ਹੱਤਿਆ, ਝੋਨੇ ਦੇ ਖੇਤ 'ਚੋਂ ਮਿਲੀ ਲਾਸ਼