ਨਵੀਂ ਦਿੱਲੀ: ਦਿੱਲੀ ਦੇ ਕਾਲਕਾਜੀ ਇਲਾਕੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ 'ਚ ਇਕ ਪਿਤਾ ਨੇ ਆਪਣੇ 2 ਸਾਲ ਦੇ ਬੱਚੇ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਦੋਵੇਂ ਜ਼ਖਮੀ ਪਿਓ-ਪੁੱਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ 'ਚ ਪੁਲਿਸ ਮੁਲਜ਼ਮ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।
ਡੀਸੀਪੀ ਸਾਊਥ ਈਸਟ ਈਸ਼ਾ ਪਾਂਡੇ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਸ਼ਨੀਵਾਰ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਇਸ ਸਬੰਧੀ ਸੂਚਨਾ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਮੁਲਜ਼ਮ ਮਾਨਸਿੰਘ ਜੋ ਕਿ ਸੰਜੇ ਕਾਲੋਨੀ, ਓਖਲਾ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਦੋ ਸਾਲ ਦੇ ਬੱਚੇ ਨੂੰ ਪਹਿਲੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਿਰ ਖੁਦ ਵੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਜਿਸ ਘਰ ਤੋਂ ਮੁਲਜ਼ਮ ਨੇ ਆਪਣਾ ਬੱਚਾ ਸੁੱਟਿਆ ਸੀ, ਉਹ ਘਰ ਉਸ ਦੀ ਪਤਨੀ ਪੂਜਾ ਦੇ ਦਾਦੀ ਦਾ ਹੈ।