ਹੈਦਰਾਬਾਦ ਡੈਸਕ :ਭਾਰਤੀ ਆਜ਼ਾਦੀ ਦੇ ਸੰਘਰਸ਼ ਨੂੰ ਪੂਰੇ ਤਰੀਕੇ ਨਾਲ ਸਫਲਤਾ ਵੱਲ ਲੈ ਜਾਉਣ ਲਈ ਜੇਕਰ ਕੋਈ ਇੱਕ ਪਲ ਜਾਂ ਘਟਨਾ ਹੈ ਤਾਂ ਉਹ ਹੈ 13 ਅਪ੍ਰੈਲ, 1919 ਨੂੰ ਵਾਪਰਿਆ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ। ਅੰਗਰੇਜ਼ਾਂ ਤੋਂ ਆਜ਼ਾਦੀ ਲਈ ਅਹਿੰਸਕ ਸੰਘਰਸ਼ ਦੀ ਇਸ ਇੱਕ ਘਟਨਾ ਵਿੱਚ ਬਹੁਤ ਸਾਰਾ ਖੂਨ ਵਹਾਇਆ ਗਿਆ ਤੇ ਖੂਨ ਨਾਲ ਭਿੱਜਿਆ ਫਰਸ਼ ਅਤੇ ਗੋਲੀਆਂ ਨਾਲ ਭਰੀਆਂ ਕੰਧਾਂ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਨੇਤਾਵਾਂ ਦੇ ਜ਼ਮੀਰ ਨੂੰ ਹਿਲਾ ਦਿੱਤਾ। ਆਜ਼ਾਦੀ ਦੇ ਇਸ 75ਵੇਂ ਸਾਲ 'ਤੇ, ਆਓ ਜ਼ਰਾ ਰੁੱਕ ਕੇ ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਬ੍ਰਿਟਿਸ਼ ਤਾਨਾਸ਼ਾਹ ਨੇ ਮਾਰਿਆ ਸੀ।
ਕਤਲੇਆਮ ਤੋਂ ਪਹਿਲਾਂ, ਬ੍ਰਿਟਿਸ਼ ਭਾਰਤ ਦੀ ਉੱਤਰ-ਪੱਛਮੀ ਸਰਹੱਦ ਵਿੱਚ ਬਹੁਤ ਕੁਝ ਵਾਪਰ ਰਿਹਾ ਸੀ। 1913 'ਚ ਹੋਏ ਗਦਰ ਅੰਦੋਲਨ ਤੇ 1914 'ਚ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਨੇ ਪੰਜਾਬ ਦੇ ਲੋਕਾਂ 'ਚ ਕ੍ਰਾਂਤੀ ਦੀ ਲਹਿਰ ਪੈਦਾ ਕਰ ਦਿੱਤੀ ਸੀ। 1914 'ਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜਾਂ ਦੀ ਫੌਜ 'ਚ 1 ਲੱਖ 95 ਹਜ਼ਾਰ ਭਾਰਤੀ ਫੌਜੀਆਂ ਵਿਚੋਂ 1 ਲੱਖ 10 ਹਜ਼ਾਰ ਸਿਰਫ ਪੰਜਾਬ ਤੋਂ ਸੀ।
ਇਨ੍ਹਾਂ ਭਾਰਤੀ ਫੌਜੀਆਂ 'ਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਰਹੀ ਸੀ। ਇਹ ਦੁਨੀਆ ਦੇਖ ਚੁੱਕੇ ਸੀ। ਉਨ੍ਹਾਂ ਨੂੰ ਪਤਾ ਸੀ ਕਿ ਮੁਲਕ ਕੀ ਹੁੰਦਾ ਹੈ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਇਨ੍ਹਾਂ ਫੌਜੀਆਂ ਨੇ ਬਗਾਵਤ ਕਰ ਦਿੱਤੀ ਤਾਂ ਸਾਂਭਣਾ ਔਖਾ ਹੋ ਜਾਵੇਗਾ। ਸਰਕਾਰ ਕੋਲ ਇਨ੍ਹਾਂ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਸੀ। ਪੰਜਾਬ ਵਿਚ ਬਦਲ ਰਹੇ ਮਾਹੌਲ ਦੇ ਮੱਦੇਨਜ਼ਰ ਅੰਗਰੇਜ਼ ਨਵੇਂ ਕਾਨੂੰਨ ਬਾਰੇ ਸੋਚ ਰਹੇ ਸਨ। ਇਹ ਨਵਾਂ ਕਾਨੂੰਨ ਰੋਲਟ ਐਕਟ ਦੇ ਰੂਪ ਵਿਚ ਸਾਹਮਣੇ ਆਉਣ ਵਾਲਾ ਸੀ।
ਜਦੋਂ ਅੰਗਰੇਜ਼ ਇਸ ਬਾਰੇ ਗੱਲ ਕਰਨ ਲੱਗੇ ਤਾਂ ਵਿਰੋਧ ਵੀ ਸ਼ੁਰੂ ਹੋ ਗਿਆ। ਕਾਨੂੰਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ। ਸਥਾਨਕ ਪ੍ਰੈਸ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਖ਼ਤ ਕਾਨੂੰਨ ਦੇ ਵਿਰੁੱਧ ਵਿਰੋਧ ਵਿਆਪਕ ਰੂਪ ਤੋਂ ਭੜਕ ਉੱਠਿਆ। ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਅੰਮ੍ਰਿਤਸਰ ਵਿੱਚ ਵੀ ਮਿੱਥੇ ਹੋਏ ਵਿਰੋਧ ਪ੍ਰਦਰਸ਼ਨ ਚੱਲ ਰਹੇ ਸਨ। ਸਾਰੇ ਵਿਰੋਧਾਂ ਦੇ ਬਾਵਜੂਦ, ਰੋਲੇਟ ਐਕਟ 18 ਮਾਰਚ, 1919 ਨੂੰ ਪਾਸ ਕਰ ਦਿੱਤਾ ਗਿਆ।
ਪ੍ਰੋਫੈਸਰ ਪ੍ਰਸ਼ਾਂਤ ਗੌਰਵ ਨੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਦੋ ਨੇਤਾ ਡਾ. ਸੱਤਿਆਪਾਲ ਮਲਿਕ ਅਤੇ ਦੂਜੇ ਡਾ. ਸੈਫੂਦੀਨ ਕਿਚਲੂ ਪ੍ਰਮੁੱਖ ਸਨ। ਮਹਾਤਮਾ ਗਾਂਧੀ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹ ਅਸਲ ਵਿੱਚ 2 ਅਪ੍ਰੈਲ, 1919 ਨੂੰ ਪੰਜਾਬ ਆਉਣ ਲਈ ਚੱਲ ਚੁੱਕੇ ਸਨ ਪਰ ਪਲਵਲ ਵਿਖੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਵਿਗੜਦੇ ਹਾਲਾਤ ਨੂੰ ਵੇਖਦਿਆਂ, ਅੰਗਰੇਜਾਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਘੇਰਣ ਦਾ ਫੈਸਲਾ ਕੀਤਾ। ਅੰਮ੍ਰਿਤਸਰ ਦੇ ਜ਼ਿਲ੍ਹਾ ਕਮਿਸ਼ਨਰ, ਮਾਈਲਸ ਇਰਵਿੰਗ ਨੇ 10 ਅਪ੍ਰੈਲ, 1919 ਨੂੰ ਡਾ. ਸੱਤਿਆਪਾਲ ਮਲਿਕ ਅਤੇ ਡਾ. ਸੈਫੂਦੀਨ ਕਿਚਲੂ ਨੂੰ ਆਪਣੇ ਦਫਤਰ ਬੁਲਾਇਆ ਤੇ ਧੋਖੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਦੂਰ ਲਿਜਾਇਆ ਗਿਆ ਅਤੇ ਧਰਮਸ਼ਾਲਾ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ।
2 ਵੱਡੇ ਆਗੂਆਂ ਦੀ ਗ੍ਰਿਫਤਾਰੀ ਮਗਰੋਂ ਅੰਮ੍ਰਿਤਸਰ 'ਚ ਤਣਾਅ ਵੱਧ ਗਿਆ। ਕਟਰਾ ਜੈਮਲ ਸਿੰਘ, ਹਾਲ ਬਜਾਰ ਤੇ ਉਚਾ ਪੁਲ ਇਲਾਕੇ 'ਚ 20,000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਹਿੰਸਾ ਦੀਆਂ 1-2 ਘਟਨਾਵਾਂ ਮਗਰੋਂ ਪੰਜਾਬ ਦੇ ਗਵਰਨਰ ਜਨਰਲ ਓ ਡਵਾਇਰ ਨੇ ਸਥਿਤੀ ਸਾਂਭਣ ਲਈ ਜਲੰਧਰ ਕੈਂਟ ਤੋਂ ਫੌਜ ਅਧਿਕਾਰੀ ਜਨਰਲ ਆਰ ਡਾਇਰ ਨੂੰ ਸੱਦਿਆ। ਪ੍ਰੋਫੈਸਰ ਪ੍ਰਸ਼ਾਂਤ ਗੌਰਵ ਮੁਤਾਬਕ ਡਾਇਰ ਦਾ ਭਾਰਤੀਆਂ ਬਾਰੇ ਸਖ਼ਤ ਵਿਚਾਰ ਸੀ।
ਜਲ੍ਹਿਆਂਵਾਲਾ ਬਾਗ ਸਾਕੇ ਤੋਂ ਇੱਕ ਰੋਜ ਪਹਿਲਾਂ ਜਨਰਲ ਆਰ. ਡਾਇਰ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਅੰਮ੍ਰਿਤਸਰ 'ਚ ਘੁੰਮਿਆ ਤੇ ਕਰਫਿਉ ਦਾ ਐਲਾਨ ਕਰ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਸਥਾਨਕ ਵਸਨੀਕਾਂ ਨੂੰ ਕਰਫਿਉ ਬਾਰੇ ਪਤਾ ਹੀ ਨਹੀਂ ਲੱਗਿਆ। ਕਰਫਿਉ ਤੋਂ ਅਣਜਾਣ ਲੋਕ ਜਲ੍ਹਿਆਂਵਾਲਾ ਬਾਗ ਵਿਖੇ ਮੀਟਿੰਗ ਲਈ ਇਕੱਠੇ ਹੋਏ। ਇਸ ਤੋਂ ਇਲਾਵਾ ਵਿਸਾਖੀ ਦੇ ਦਿਨ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਸਨ। ਗੋਬਿੰਦਗੜ੍ਹ ਪਸ਼ੂ ਮੇਲੇ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਵਪਾਰੀ ਵੀ ਉੱਥੇ ਮੌਜੂਦ ਸਨ।