ਮੁੰਬਈ:ਇਸ ਵਾਰ ਅਪ੍ਰੈਲ ਮਹੀਨੇ 'ਚ ਹੀ ਗਰਮੀ ਦਾ ਪ੍ਰਕੋਪ ਨਜ਼ਰ ਆਉਣ ਲੱਗਾ ਹੈ। ਬੀਤੇ ਦਿਨ ਨਵੀਂ ਮੁੰਬਈ ਦੇ ਖਾਰਘਰ 'ਚ ਆਯੋਜਿਤ ਇੱਕ ਸਨਮਾਨ ਸਮਾਗਮ ਦੌਰਾਨ ਲੂ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 50 ਦੇ ਕਰੀਬ ਲੋਕ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਸ਼ਿੰਦੇ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਹਸਪਤਾਲ ਵਿੱਚ ਦਾਖਲ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਗਰਮੀ ਦਾ ਜ਼ਿਕਰ, ਪਰ ਹੱਲ ਨਹੀਂ: ਦੱਸ ਦੇਈਏ ਕਿ ਸੀਨੀਅਰ ਸਮਾਜ ਸੇਵੀ ਅੱਪਾਸਾਹਿਬ ਧਰਮਾਧਿਕਾਰੀ ਨੂੰ ਮਹਾਰਾਸ਼ਟਰ ਭੂਸ਼ਣ ਨਾਲ ਸਨਮਾਨਿਤ ਕਰਨ ਲਈ ਖਾਰਘਰ ਦੇ ਸੈਂਟਰਲ ਪਾਰਕ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸਾਰੇ ਕੈਬਨਿਟ ਮੈਂਬਰ ਮੌਜੂਦ ਸਨ। ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਨੇ ਸਟੇਜ ਤੋਂ ਗਰਮੀ ਦਾ ਜ਼ਿਕਰ ਕੀਤਾ, ਪਰ ਫਿਰ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਕੋਈ ਕਦਮ ਨਹੀਂ ਚੁੱਕੇ ਗਏ।
ਅਮਿਤ ਸ਼ਾਹ ਨੇ ਕੀਤਾ ਗਰਮੀ ਦਾ ਜ਼ਿਕਰ:ਤਾਪਮਾਨ 42 ਡਿਗਰੀ ਦੇ ਆਸ-ਪਾਸ ਸੀ ਜਿਸ ਦਾ ਜ਼ਿਕਰ ਖੁਦ ਅਮਿਤ ਸ਼ਾਹ ਨੇ ਆਪਣੇ ਭਾਸ਼ਣ 'ਚ ਕੀਤਾ ਸੀ। ਲੱਖਾਂ ਦੀ ਭੀੜ ਕਾਰਨ ਮਾਹੌਲ ਵਿਚ ਨਮੀ ਹੋਰ ਵਧ ਗਈ। ਕਈਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰੋਗਰਾਮ ਖ਼ਤਮ ਹੁੰਦੇ ਹੀ ਭਗਦੜ ਮੱਚ ਗਈ। ਤਪਦੀ ਦੁਪਹਿਰ ਵਿੱਚ ਸਾਰੇ ਮੈਂਬਰ ਬਿਨਾਂ ਛੱਤ ਤੋਂ ਖੁੱਲ੍ਹੀ ਥਾਂ ’ਤੇ ਬੈਠੇ ਸਨ ਅਤੇ ਜਿੱਥੇ ਉਹ ਬੈਠੇ ਸਨ ਨੇੜੇ ਪਾਣੀ ਦੀ ਕੋਈ ਸਹੂਲਤ ਨਹੀਂ ਸੀ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਤੋਂ ਬਾਅਦ ਵਾਤਾਵਰਨ ਵਿੱਚ ਨਮੀ ਵਧ ਗਈ ਅਤੇ ਫਿਰ ਲੋਕਾਂ ਨੂੰ ਸਿਰਦਰਦ, ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।