ਸ੍ਰੀਨਗਰ: ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ ਘਟੀਆ ਹਰਕਤ ਕਰਦਿਆਂ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰਜ਼ ਸੈਕਟਰ ਇਜ਼ਮਾਰਗ ਵਿੱਚ ਸ਼ੁੱਕਰਵਾਰ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿੱਚ ਗੋਲੀਬਾਰੀ ਕੀਤੀ ਗਈ।
ਸੂਤਰਾਂ ਅਨੁਸਾਰ ਇਸ ਗੋਲੀਬਾਰੀ ਵਿੱਚ ਭਾਰਤੀ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਈ ਹਨ। ਇਨ੍ਹਾਂ ਵਿੱਚੋਂ ਦੋ ਜਵਾਨ ਉੜੀ, ਜਦੋਂਕਿ ਇੱਕ ਗੁਰੇਜ਼ ਸੈਕਟਰ ਵਿੱਚ ਸ਼ਹੀਦ ਹੋਇਆ।
ਇਸ ਤੋਂ ਇਲਾਵਾ ਉੜੀ ਸੈਕਟਰ ਵਿੱਚ ਹੋਈ ਗੋਲੀਬਾਰੀ ਦੌਰਾਨ ਤਿੰਨ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ, ਜਦੋਂ ਕਿ ਛੇ ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
ਜਵਾਬੀ ਕਾਰਵਾਈ ਵਿੱਚ ਭਾਰਤ ਨੇ ਪਾਕਿਸਤਾਨ ਦੇ 10- 12 ਫ਼ੌਜੀ ਜ਼ਖ਼ਮੀ ਕਰ ਦਿੱਤੇ ਜਿਨ੍ਹਾਂ ਵਿੱਚੋਂ 8 ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਐਸਡੀਐਮ ਰਿਆਜ਼ ਅਹਿਮਦ ਮਲਿਕ ਨੇ ਦਿੱਤੀ ਹੈ।
ਇਸ ਤੋਂ ਪਹਿਲਾਂ ਬਾਰਾਮੂਲਾ ਜ਼ਿਲ੍ਹੇ ਵਿੱਚ ਪਾਕਿਸਤਾਨੀ ਗੋਲੀਬਾਰੀ ਦੌਰਾਨ ਬੀਐਸਐਫ਼ ਦੇ ਸਬ-ਇੰਸਪੈਕਟਰ ਰਾਕੇਸ਼ ਡੋਵਾਲ ਦੇ ਸਿਰ 'ਚ ਸੱਟ ਲੱਗ ਗਈ ਅਤੇ ਉਹ ਸ਼ਹੀਦ ਹੋ ਗਏ। ਉਹ ਉਤਰਾਖੰਡ ਦੇ ਰਿਸ਼ੀਕੇਸ਼ ਜ਼ਿਲ੍ਹੇ ਗੰਗਾ ਨਗਰ ਦੇ ਵਸਨੀਕ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਬਾਰਾਮੂਲਾ ਦੇ ਉੜੀ ਸੈਕਟਰ ਵਿੱਚ ਵੀ ਭਾਰਤੀ ਚੌਕੀਆਂ ‘ਤੇ ਗੋਲੀਆਂ ਕੀਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਤੇ ਭਾਰਤੀ ਫ਼ੌਜ ਸਾਰੇ ਸੈਕਟਰਾਂ ਵਿੱਚ ਢੁਕਵਾਂ ਜਵਾਬ ਦੇ ਰਹੀ ਹੈ।
ਇਸ ਸਬੰਧ ਵਿੱਚ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਪਾਕਿਸਤਾਨ ਨੇ ਅੱਜ ਕੁਪਵਾੜਾ ਦੇ ਢਾਣੀ ਖੇਤਰ (ਤੰਗਧਾਰ) ਵਿੱਚ ਕੰਟਰੋਲ ਰੇਖਾ ਦੇ ਕੋਲ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਵੇਲੇ ਸਾਡੇ ਫ਼ੌਜੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ, 'ਖੇਤਰ ਦੀਆਂ ਦੁਕਾਨਾਂ ਵੀ ਬੰਦ ਹਨ, ਸਥਾਨਿਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕੀਤਾ ਜਾ ਰਿਹਾ ਹੈ।'
ਇਸ ਦੌਰਾਨ, ਬਾਰਾਮੂਲਾ ਦੇ ਉੜੀ, ਬਾਂਦੀਪੋਰਾ ਦੇ ਸੁਆਰੇਜ ਅਤੇ ਕੁਪਵਾੜਾ ਦੇ ਕੇਰਨ ਖੇਤਰਾਂ ਤੋਂ ਵੀ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਦੀ ਖ਼ਬਰ ਮਿਲੀ ਹੈ।
ਕਰਨਲ ਕਾਲੀਆ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਗੁਰੇਜ਼ ਦੇ ਇਜ਼ਮਰਗ ਅਤੇ ਬਾਗਟੋਰ ਖੇਤਰਾਂ, ਉੜੀ ਦੇ ਹਾਜੀ ਪੀਰ ਸੈਕਟਰ ਅਤੇ ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਭਾਰੀ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।