ਨਵੀਂ ਦਿੱਲੀ : ਫਿਊਚਰ ਗਰੁੱਪ ਦੀ ਪ੍ਰਚੂਨ, ਥੋਕ, ਲੌਜਿਸਟਿਕਸ ਅਤੇ ਵੇਅਰਹਾਊਸਿੰਗ ਅਸੈਟਸ ਨੂੰ ਹਾਸਲ ਕਰਨ ਲਈ 24,713 ਕਰੋੜ ਰੁਪਏ ਦੇ ਸੌਦੇ ਦੀ ਘੋਸ਼ਣਾ ਕਰਨ ਤੋਂ ਲਗਭਗ 21 ਮਹੀਨਿਆਂ ਬਾਅਦ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਸ ਸੌਦੇ ਨੂੰ ਜਾਰੀ ਨਹੀਂ ਰੱਖ ਸਕਦੀ ਕਿਉਂਕਿ ਸੁਰੱਖਿਅਤ ਰਿਣਦਾਤਾਵਾਂ ਨੇ ਸੌਦੇ ਦੇ ਵਿਰੁੱਧ ਵੋਟ ਕੀਤਾ ਹੈ।
ਇਸ ਦੌਰਾਨ ਫਿਊਚਰ ਲਾਈਫਸਟਾਈਲ ਫੈਸ਼ਨਸ ਲਿਮਟਿਡ ਦੇ ਚੇਅਰਮੈਨ ਅਤੇ ਸੁਤੰਤਰ ਨਿਰਦੇਸ਼ਕ ਸ਼ੈਲੇਸ਼ ਹਰਿਭਕਤੀ ਨੇ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਦੀ ਘੋਸ਼ਣਾ ਕਰਦੇ ਹੋਏ, ਉਸਨੇ ਕਿਹਾ, "ਅਸਥਿਰ, ਗੁੰਝਲਦਾਰ ਅਤੇ ਅਣਪਛਾਤੇ ਕਾਨੂੰਨੀ ਅਤੇ ਵਿੱਤੀ ਹਾਲਾਤਾਂ ਨੇ ਅਚਾਨਕ ਮੋੜ ਲਿਆ ਹੈ।" ਫਿਊਚਰ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਧਾਰਕਾਂ ਅਤੇ ਕਰਜ਼ਦਾਰਾਂ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਹਰਿਭਕਤੀ ਨੇ ਕੀਤੀ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਵੱਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ।
ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਐਕਸਚੇਂਜ ਨੂੰ ਇੱਕ ਸੰਚਾਰ ਵਿੱਚ ਕਿਹਾ ਕਿ ਫਿਊਚਰ ਰਿਟੇਲ ਲਿਮਟਿਡ (ਐਫਆਰਐਲ) ਅਤੇ ਹੋਰ ਫਿਊਚਰ ਗਰੁੱਪ ਕੰਪਨੀਆਂ ਨੇ ਸੌਦੇ ਨੂੰ ਮਨਜ਼ੂਰੀ ਦੇਣ ਲਈ ਹਫ਼ਤੇ ਦੀ ਸ਼ੁਰੂਆਤ ਵਿੱਚ ਹੋਈਆਂ ਮੀਟਿੰਗਾਂ ਦੇ ਨਤੀਜਿਆਂ ਤੋਂ ਜਾਣੂ ਕਰਾਇਆ ਹੈ। ਇਸਦੇ ਅਨੁਸਾਰ, ਸੌਦੇ ਨੂੰ ਬਹੁਗਿਣਤੀ ਸ਼ੇਅਰਧਾਰਕਾਂ ਅਤੇ ਅਸੁਰੱਖਿਅਤ ਰਿਣਦਾਤਿਆਂ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ ਪਰ ਸੁਰੱਖਿਅਤ ਲੈਣਦਾਰਾਂ ਨੇ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਬਿਆਨ ਵਿੱਚ ਕਿਹਾ, “ਐਫਆਰਐਲ ਦੇ ਸੁਰੱਖਿਅਤ ਰਿਣਦਾਤਿਆਂ ਨੇ ਪ੍ਰਸਤਾਵਿਤ ਯੋਜਨਾ ਦੇ ਵਿਰੁੱਧ ਵੋਟ ਕੀਤਾ ਹੈ। ਅਜਿਹੀ ਸਥਿਤੀ ਵਿੱਚ ਇਸ ਯੋਜਨਾ ਨੂੰ ਅੱਗੇ ਲਾਗੂ ਨਹੀਂ ਕੀਤਾ ਜਾ ਸਕਦਾ।"
ਇਹ ਵੀ ਪੜ੍ਹੋ: ਆਲਮੀ ਖੁਰਾਕ ਸੰਕਟ ਦੌਰਾਨ ਅਨਾਜ ਨਿਰਯਾਤ 'ਚ ਭਾਰਤ ਦੇ ਰਾਹ 'ਚ ਆ ਰਿਹਾ WTO: ਵਿੱਤ ਮੰਤਰੀ ਸੀਤਾਰਮਨ
ਫਿਊਚਰ ਗਰੁੱਪ ਕੰਪਨੀਆਂ ਨੇ ਰਿਲਾਇੰਸ ਰਿਟੇਲ ਨਾਲ ਐਲਾਨ ਸੌਦੇ ਦੇ ਅਨੁਸਾਰ ਸੰਪਤੀਆਂ ਨੂੰ ਮਰਜ ਕਰਨ ਅਤੇ ਵੇਚਣ ਦੀਆਂ ਯੋਜਨਾਵਾਂ ਦੀ ਮਨਜ਼ੂਰੀ ਲੈਣ ਲਈ ਇਸ ਹਫਤੇ ਆਪਣੇ ਸ਼ੇਅਰਧਾਰਕਾਂ, ਸੁਰੱਖਿਅਤ ਅਤੇ ਅਸੁਰੱਖਿਅਤ ਰਿਣਦਾਤਿਆਂ ਦੀ ਮੀਟਿੰਗ ਬੁਲਾਈ ਸੀ। ਹਾਲਾਂਕਿ ਸੁਰੱਖਿਅਤ ਰਿਣਦਾਤਾ ਨੂੰ ਸੂਚੀਬੱਧ ਕੰਪਨੀਆਂ - ਫਿਊਚਰ ਰਿਟੇਲ, ਫਿਊਚਰ ਐਂਟਰਪ੍ਰਾਈਜਿਜ਼, ਫਿਊਚਰ ਲਾਈਫਸਟਾਈਲ ਫੈਸ਼ਨ ਲਿਮਟਿਡ, ਫਿਊਚਰ ਮਾਰਕਿਟ ਨੈੱਟਵਰਕ ਅਤੇ ਫਿਊਚਰ ਕੰਜ਼ਿਊਮਰ ਦੀ ਲਾਜ਼ਮੀ 75 ਪ੍ਰਤੀਸ਼ਤ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕੇ। ਸੁਰੱਖਿਅਤ ਰਿਣਦਾਤਿਆਂ ਵਿੱਚ ਮੁੱਖ ਤੌਰ 'ਤੇ ਬੈਂਕ ਅਤੇ ਵਿੱਤੀ ਸੰਸਥਾਵਾਂ ਸ਼ਾਮਲ ਹੁੰਦੀਆਂ ਹਨ।
ਹਾਲਾਂਕਿ ਸੂਚੀਬੱਧ ਕੰਪਨੀਆਂ ਦੇ ਸ਼ੇਅਰਧਾਰਕਾਂ ਨੇ ਰਿਲਾਇੰਸ ਦੇ ਨਾਲ ਸੌਦੇ ਦਾ ਸਮਰਥਨ ਕੀਤਾ ਹੈ। ਈ-ਕਾਮਰਸ ਦਿੱਗਜ ਅਮੇਜ਼ਨ ਨੇ ਇਨ੍ਹਾਂ ਮੀਟਿੰਗਾਂ ਦਾ ਵਿਰੋਧ ਕੀਤਾ ਸੀ। 2019 ਵਿੱਚ, ਇਸਨੇ FRL ਦੀ ਪ੍ਰਮੋਟਰ ਕੰਪਨੀ ਫਿਊਚਰ ਕੂਪਨ ਪ੍ਰਾਈਵੇਟ ਲਿਮਟਿਡ (FCPL) ਵਿੱਚ 49 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਲਈ ਇੱਕ ਨਿਵੇਸ਼ ਸਮਝੌਤਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਅਗਸਤ 2020 ਵਿੱਚ, ਫਿਊਚਰ ਗਰੁੱਪ ਨੇ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਿਟੇਡ (RRVL) ਨਾਲ 24,713 ਕਰੋੜ ਰੁਪਏ ਦੇ ਰਲੇਵੇਂ ਦੇ ਸਮਝੌਤੇ ਦਾ ਐਲਾਨ ਕੀਤਾ ਸੀ। ਇਸ ਸਮਝੌਤੇ ਦੇ ਤਹਿਤ, ਰਿਲਾਇੰਸ ਰਿਟੇਲ ਨੇ ਰਿਟੇਲ, ਥੋਕ, ਲੌਜਿਸਟਿਕਸ ਅਤੇ ਵੇਅਰਹਾਊਸਿੰਗ ਸੈਗਮੈਂਟ ਵਿੱਚ ਕੰਮ ਕਰ ਰਹੀਆਂ ਫਿਊਚਰ ਗਰੁੱਪ ਦੀਆਂ 19 ਕੰਪਨੀਆਂ ਨੂੰ ਹਾਸਲ ਕਰਨਾ ਸੀ।
RRVL RIL ਸਮੂਹ ਦੇ ਅਧੀਨ ਸਾਰੀਆਂ ਰਿਟੇਲ ਕੰਪਨੀਆਂ ਦੀ ਹੋਲਡਿੰਗ ਕੰਪਨੀ ਹੈ। ਐਮਾਜ਼ਾਨ ਇਸ ਰਲੇਵੇਂ ਦੇ ਸਮਝੌਤੇ ਦੇ ਐਲਾਨ ਦੇ ਬਾਅਦ ਤੋਂ ਹੀ ਇਸਦਾ ਵਿਰੋਧ ਕਰ ਰਿਹਾ ਸੀ। ਵੱਖ-ਵੱਖ ਅਦਾਲਤੀ ਮਾਮਲਿਆਂ ਵਿੱਚ, ਐਮਾਜ਼ਾਨ ਨੇ ਸੌਦੇ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਉਸਦੇ ਨਾਲ ਫਿਊਚਰ ਗਰੁੱਪ ਨਿਵੇਸ਼ ਸਮਝੌਤੇ ਦੀ ਉਲੰਘਣਾ ਕਰਦਾ ਹੈ।
(ਪੀਟੀਆਈ- ਭਾਸ਼ਾ)