ਲਖਨਊ: ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਪਸੀ ਕਾਟੋ ਕਲੇਸ਼ ਦੇ ਵਿਚਕਾਰ ਭਾਜਪਾ ਦੀ ਯੂਪੀ ਇਕਾਈ ਨੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਲਖਨਊ ਦੌਰੇ ਦੇ ਸਮੇਂ 'ਤੇ ਤੰਜ ਕਸਦੇ ਹੋਏ ਕਿਹਾ ਕਿ ਉਹ ਉਨ੍ਹਾਂ ਲਈ ਪੰਜਾਬ ਜਾਣ ਲਈ ਟਿਕਟ ਦਾ ਪ੍ਰਬੰਧ ਕਰ ਦੇਣ।
ਯੂਪੀ ਭਾਜਪਾ ਨੇ ਟਵੀਟ ਕੀਤਾ ਕਿ 'ਪ੍ਰਿਯੰਕਾ ਵਾਡਰਾ ਜੀ! ਤੁਸੀਂ ਗਲਤ ਸਮੇਂ 'ਤੇ ਯੂਪੀ ਆਏ ਹੋ। ਇਹ ਸਮਾਂ ਪੰਜਾਬ ਜਾਣ ਦਾ ਹੈ। ਪੰਜਾਬ ਲਈ ਟਿਕਟ ਬੁੱਕ ਕਰ ਦਈਏ? ਭਾਜਪਾ ਦਾ ਇਹ ਟਵੀਟ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਆਇਆ ਹੈ, ਜਿਸ ਨਾਲ ਪਾਰਟੀ ਨੂੰ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇੱਕ ਨਵੇਂ ਸੰਕਟ ਵਿੱਚ ਪਾ ਦਿੱਤਾ ਹੈ।
ਪ੍ਰਿਯੰਕਾ ਜੀ ! ਕੀ ਆਪ ਦੇ ਲਈ ਪੰਜਾਬ ਦੀ ਟਿਕਟ ਬੁੱਕ ਕਰ ਦਈਏ ? ਸਿੱਧੂ ਨੇ ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਝਟਕਾ ਦਿੱਤਾ ਹੈ, ਜਿਹੜੀ ਕਿ ਪਹਿਲਾਂ ਹੀ ਅੰਦਰੁਨੀ ਕਲੇਸ਼ ਤੋਂ ਲੰਘ ਰਹੀ ਹੈ। ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਇਹ ਨਹੀਂ ਦੱਸਿਆ ਕਿ ਉਸਨੇ ਅਸਤੀਫਾ ਕਿਉਂ ਦਿੱਤਾ। ਕੁਝ ਘੰਟਿਆਂ ਬਾਅਦ, ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਕ ਹੋਰ ਮੰਤਰੀ ਰਜ਼ੀਆ ਸੁਲਤਾਨਾ ਨੇ ਸਿੱਧੂ ਨਾਲ ਇਕਜੁਟਤਾ ਵਜੋਂ ਅਸਤੀਫਾ ਦੇ ਦਿੱਤਾ।
ਭਾਜਪਾ ਦੀ ਯੂਪੀ ਇਕਾਈ ਦਾ ਇਹ ਟਵੀਟ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕਾਂਗਰਸ ਦੇ ਜਨਰਲ ਸਕੱਤਰ ਯੂਪੀ ਦੇ ਦੌਰੇ 'ਤੇ ਲਖਨਊ ਵਿੱਚ ਹਨ। ਇਸ ਦੌਰਾਨ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਵੱਲੋਂ ਕੀਤੇ ਗਏ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਪੀ ਕਾਂਗਰਸ ਦੇ ਬੁਲਾਰੇ ਅਸ਼ੋਕ ਸਿੰਘ ਨੇ ਕਿਹਾ, ਭਾਜਪਾ ਦਾ ਟਵੀਟ ਉਸਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪ੍ਰਿਯੰਕਾ ਗਾਂਧੀ ਯੂਪੀ ਦੀ ਪਾਰਟੀ ਇੰਚਾਰਜ ਹੈ ਅਤੇ ਭਾਜਪਾ ਦੁਆਰਾ ਵਰਤੀ ਗਈ ਭਾਸ਼ਾ ਲੋਕਤੰਤਰ ਦੇ ਅਨੁਕੂਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਉੱਤਰ ਪ੍ਰਦੇਸ਼ ਦੇ ਆਪਣੇ ਇੱਕ ਹਫ਼ਤੇ ਦੇ ਦੌਰੇ ਉੱਤੇ ਸੋਮਵਾਰ ਨੂੰ ਲਖਨਊ ਪਹੁੰਚੀ ਸੀ। ਪ੍ਰਿਯੰਕਾ, ਜੋ ਪਾਰਟੀ ਦੀ ਸੂਬਾ ਇੰਚਾਰਜ ਵਜੋਂ ਸਰਗਰਮ ਹੈ, ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਪਾਰਟੀ ਦੀਆਂ ਤਿਆਰੀਆਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਬੂਥ ਪੱਧਰ ਤੱਕ ਤਿਆਰੀ ਲਈ ਵਰਕਰਾਂ ਅਤੇ ਅਹੁਦੇਦਾਰਾਂ ਦੀ ਸਿਖਲਾਈ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮਹੀਨੇ ਪ੍ਰਿਯੰਕਾ ਦਾ ਉੱਤਰ ਪ੍ਰਦੇਸ਼ ਦਾ ਇਹ ਦੂਜਾ ਦੌਰਾ ਹੈ। ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕਰਕੇ 114 ਸੀਟਾਂ 'ਤੇ ਲੜੀ ਸੀ, ਜਿਸ ਵਿੱਚ ਉਸ ਨੇ ਸੱਤ ਸੀਟਾਂ ਜਿੱਤੀਆਂ ਸਨ। ਕਾਂਗਰਸ ਇਸ ਵਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਵੱਡੀ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ।
ਇਹ ਵੀ ਪੜ੍ਹੋਂ : ਕੀ ਸਿੱਧੂ ਦੀ ਹੋਵੇਗੀ ਦੁਬਾਰਾ ENTRY, ਕੀ ਕੈਪਟਨ ਕਰਨਗੇ ਵੱਡਾ ਧਮਾਕਾ ?