ਚੰਡੀਗੜ੍ਹ :ਬੀਤੇ ਕੁਝ ਦਿਨਾਂ ਤੋਂ ਪੰਜਾਬ ਭਰ ਵਿੱਚ ਆਏ ਹੜ੍ਹ ਲੋਕਾਂ ਦਾ ਜਨ ਜੀਵਨ ਅਸਤ ਵਿਅਸਤ ਕਰ ਕੇ ਚਲੇ ਗਏ। ਪਰ, ਅਜੇ ਵੀ ਹੜ੍ਹਾਂ ਦਾ ਇਹ ਖਤਰਾ ਟਲਿਆ ਨਹੀਂ ਹੈ। ਹੜਾਂ ਤੋਂ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ। ਪੰਜਾਬ ਵਿੱਚ ਵੱਖ ਵੱਖ ਥਾਂਵਾ ਉੱਤੇ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਦਾ ਅਸਰ ਸਰਹੱਦੀ ਪਿੰਡਾਂ ਤੱਕ ਪਹੁੰਚ ਗਿਆ। ਜਿੱਥੇ ਭਾਵੇਂ ਹੀ ਪਾਣੀ ਦਾ ਪੱਧਰ ਦਰੁਸਤ ਹੋਣਾ ਸ਼ੁਰੂ ਹੋ ਗਿਆ ਹੈ ਉਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਦਿੱਤਾ ਹੈ। ਜਿਸ ਨੇ ਲੋਕਾਂ ਦੀ ਚਿੰਤਾ ਨੂੰ ਮੁੜ੍ਹ ਤੋਂ ਵਧਾ ਦਿੱਤਾ ਹੈ। ਖਤਰੇ ਦੇ ਨਿਸ਼ਾਨ ਹੇਠਾਂ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਸ਼ਹਿਰ ਹਨ। ਇਹਨਾਂ ਸ਼ਹਿਰਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਫਿਰੋਜ਼ਪੁਰ ਹਲਾਤਾਂ ਦਾ ਜਾਇਜ਼ਾ ਲੈਣ ਜਾਣਗੇ ਮੁੱਖ ਮੰਤਰੀ ਮਾਨ: ਉਥੇ ਹੀ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੀ, ਤਾਂ ਹਿਮਾਚਲ ਵਿੱਚ ਵੀ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਲਈ ਯੈਲੋ ਅਲਰਟ ਐਲਾਨ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਰਸਾਤ ਆਮ ਹੁੰਦੀ ਹੈ ਤਾਂ ਸਭ ਕੁਝ ਕਾਬੂ ਵਿੱਚ ਰਹੇਗਾ। ਪਰ ਜੇਕਰ ਬਾਰਿਸ਼ ਇੱਕ ਵਾਰ ਫਿਰ ਹੋਈ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਤਾਂ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇੱਕ ਵਾਰ ਫਿਰ ਹਾਲਾਤ ਖਰਾਬ ਹੋ ਸਕਦੇ ਹਨ। ਉਥੇ ਹੀ, ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦੌਰੇ 'ਤੇ ਜਾ ਰਹੇ ਹਨ। ਉਹ ਸਵੇਰੇ ਕਰੀਬ 11 ਵਜੇ ਫਿਰੋਜ਼ਪੁਰ ਪਹੁੰਚਣਗੇ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਪਿਛਲੇ ਦੋ ਦਿਨਾਂ ਤੋਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਪਾਣੀ ਦਾ ਪੱਧਰ ਅਜੇ ਵੀ ਉੱਥੇ ਹੀ ਹੈ। ਫ਼ਿਰੋਜ਼ਪੁਰ ਦੇ ਪਿੰਡ ਢੱਕਾ ਬੱਸੀ ਵਿੱਚ ਕਰੀਬ 25 ਘਰ ਢਹਿ ਗਏ ਹਨ। ਅੱਜ ਪਿੰਡ ਵਾਸੀ ਸੀਐਮ ਭਗਵੰਤ ਮਾਨ ਤੋਂ ਆਪਣੀ ਸਮੱਸਿਆ ਦੇ ਹੱਲ ਦੀ ਮੰਗ ਕਰ ਸਕਦੇ ਹਨ।
ਭਾਖੜਾ ਡੈਮ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ :ਦੱਸਣਯੋਗ ਹੈ ਕਿ ਜੋ ਹਾਲਤ ਪੰਜ ਵਿੱਚ ਹੜ੍ਹ ਤੋਂ ਬਾਅਦ ਬਣੇ ਹੋਏ ਹਨ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਲੋਕ ਚਿੰਤਤ ਹਨ ਅਤੇ ਸੂਬਾ ਸਰਕਾਰ ਵੱਲੋਂ ਵੀ ਇਨ੍ਹਾਂ ਹਲਾਤਾਂ ਨੂੰ ਦੇਖਦੇ ਉਚਿਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਗੱਲ ਕੀਤੀ ਜਾਵੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੀ ਤਾਂ ਵੀਰਵਾਰ ਨੂੰ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਪਿਛਲੇ ਸਮੇਂ ਦੇ ਮੁਕਾਬਲੇ ਹੋਰ ਵੀ ਤੇਜ਼ੀ ਨਾਲ ਵਧ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਖੜਾ ਡੈਮ ਮੈਨੇਜਮੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦੀ ਵੱਧ ਤੋਂ ਵੱਧ ਸਟੋਰੇਜ ਸਮਰੱਥਾ 1680 ਫੁੱਟ ਹੈ, ਪਰ ਫਲੱਡ ਗੇਟ 1645 ਫੁੱਟ ’ਤੇ ਖੋਲ੍ਹੇ ਗਏ ਹਨ। ਜੇਕਰ ਪਾਣੀ ਦਾ ਪੱਧਰ 1645 ਤੋਂ ਪਾਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਅਤੇ ਪਾਣੀ ਦੇ ਇਨਪੁਟ ਦੇ ਆਧਾਰ 'ਤੇ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ 'ਤੇ ਪਵੇਗਾ।