ਨਵੀਂ ਦਿੱਲੀ: ਭਾਰਤੀ ਰਾਸ਼ਟਰੀ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਮਲਿੱਕਾਰਜੁਨ ਖੜਗੇ ਬੁੱਧਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਹੈੱਡਕੁਆਰਟਰ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਚੋਣ ਸਰਟੀਫਿਕੇਟ ਸੌਂਪਿਆ। ਇਸ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕੇਂਦਰੀ ਚੋਣ ਅਥਾਰਟੀ ਦੇ ਮੈਂਬਰ ਰਾਜੇਸ਼ ਮਿਸ਼ਰਾ, ਅਰਵਿੰਦਰ ਸਿੰਘ ਲਵਲੀ ਅਤੇ ਜੋਤੀ ਮਨੀ ਵੀ ਮੰਚ 'ਤੇ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਕਾਂਗਰਸ ਦੀ ਜਨਰਲ ਸਕੱਤਰ (Congress President Mallikarjun Kharge) ਪ੍ਰਿਅੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਅਤੇ ਪਾਰਟੀ ਦੇ ਕਈ ਹੋਰ ਅਹੁਦੇਦਾਰ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਅਹੁਦਾ ਸੰਭਾਲਣ ਤੋਂ ਪਹਿਲਾਂ ਖੜਗੇ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਖੜਗੇਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ।
ਕਾਂਗਰਸ 'ਚ 50 ਫ਼ੀਸਦੀ ਅਹੁਦੇ ਨੌਜਵਾਨਾਂ ਨੂੰ: ਪ੍ਰਧਾਨ ਬਣਨ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ 'ਚ ਖੜਗੇ ਨੇ ਪਾਰਟੀ 'ਚ 50 ਫੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ। ਖੜਗੇ ਨੇ ਕਿਹਾ- ਉਦੈਪੁਰ ਸੈਸ਼ਨ 'ਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਪਾਰਟੀ ਦੇ 50 ਫੀਸਦੀ ਅਹੁਦੇ ਦੇਣ ਦਾ ਪ੍ਰਸਤਾਵ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, "ਅੱਜ ਮੇਰੇ ਲਈ ਬਹੁਤ ਭਾਵੁਕ ਪਲ ਹੈ। ਅੱਜ ਇੱਕ ਆਮ ਵਰਕਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਚੁਣ ਕੇ ਇਹ ਸਨਮਾਨ ਦੇਣ ਲਈ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਾਂਗਰਸ ਝੂਠ ਅਤੇ ਨਫ਼ਰਤ ਦੇ ਦਾਇਰੇ ਨੂੰ ਤੋੜੇਗੀ। ਲੋਕਾਂ ਨੂੰ ਅਪੀਲ ਹੈ ਕਿ ਉਹ ਪਾਰਟੀ ਲਈ ਨਹੀਂ ਸਗੋਂ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਣ।"
ਖੜਗੇ ਨੇ ਕਿਹਾ ਕਿ "ਮੈਂ ਜਾਣਦਾ ਹਾਂ ਕਿ ਇਹ ਔਖਾ ਸਮਾਂ ਹੈ, ਕਾਂਗਰਸ ਨੇ ਜਿਸ ਲੋਕਤੰਤਰ ਦੀ ਸਥਾਪਨਾ ਕੀਤੀ ਸੀ, ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਜੋੜੋ ਯਾਤਰਾ ਲਈ ਰਾਹੁਲ ਗਾਂਧੀ ਦਾ ਧੰਨਵਾਦ, ਪੂਰੇ ਦੇਸ਼ ਵਿੱਚ ਨਵੀਂ ਊਰਜਾ ਭਰੀ ਜਾ ਰਹੀ ਹੈ।"