ਹੈਦਰਾਬਾਦ ਡੈਸਕ :ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਐਲਾਨਿਆ ਹੈ। ਹੁਣ ਤੱਕ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ 'ਤੇ ਸਨ। ਅਜੇ ਬੰਗਾ ਨੂੰ ਨਾਮਜ਼ਦ ਕਰਨ ਦਾ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਗਲੋਬਲ ਚੁਣੌਤੀਆਂ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਦੀ ਚੁਣੌਤੀ ਵਿੱਚ ਵੀ ਚੰਗਾ ਤਜ਼ੁਰਬਾ ਹੈ। ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਡੇਵਿਡ ਮਾਲਪਾਸ ਨੇ ਜੂਨ 'ਚ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ।
ਆਮ ਤੌਰ 'ਤੇ ਅਮਰੀਕੀ ਹੁੰਦਾ ਹੈ ਵਿਸ਼ਵ ਬੈਂਕ ਦਾ ਮੁਖੀ : ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ, ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖ਼ਤਮ ਕਰਨਾ ਹੈ। ਡੇਵਿਡ ਮਾਲਪਾਸ ਦਾ 5 ਸਾਲ ਦਾ ਕਾਰਜਕਾਲ ਅਗਲੇ ਸਾਲ ਅਪ੍ਰੈਲ 'ਚ ਖ਼ਤਮ ਹੋਣਾ ਸੀ। ਵਿਸ਼ਵ ਬੈਂਕ ਦਾ ਮੁਖੀ ਆਮ ਤੌਰ 'ਤੇ ਅਮਰੀਕੀ ਹੁੰਦਾ ਹੈ। ਪਰ, ਇਸ ਵਾਰ ਭਾਰਤੀ ਮੂਲ ਦੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਾਮਜ਼ਦ ਕੀਤਾ ਗਿਆ ਹੈ।
ਬਾਈਡੇਨ ਨੇ ਬੰਗਾ ਨੂੰ ਸਭ ਤੋਂ ਢੁੱਕਵੀਂ ਚੋਣ ਦੱਸਿਆ : ਅਜੇ ਬੰਗਾ ਨੂੰ ਵਰਲਡ ਬੈਂਕ ਦੇ ਮੁੱਖੀ ਵਜੋਂ ਐਲਾਨ ਕਰਦੇ ਹੋਏ, ਜੋ ਬਾਈਡੇਨ ਨੇ ਕਿਹਾ ਕਿ ਅਜੇ ਇਸ ਇਤਿਹਾਸਕ ਅਤੇ ਨਾਜ਼ੁਕ ਪਲ 'ਤੇ ਵਿਸ਼ਵ ਬੈਂਕ ਦਾ ਚਾਰਜ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੇ ਬੰਗਾ ਕੋਲ ਮੌਜੂਦਾ ਯੁੱਗ ਦੀਆਂ ਸਾਰੀਆਂ ਚੁਣੌਤੀਆਂ ਜਿਸ ਵਿੱਚ ਜਲਵਾਯੂ ਪਰਿਵਰਤਨ ਵੀ ਸ਼ਾਮਲ ਹੈ। ਉਨ੍ਹਾਂ ਵਿੱਚ ਨਿੱਜੀ ਅਤੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਕੇ ਨਜਿੱਠਣ ਦੀ ਸਮਰੱਥਾ ਹੈ।