ਦੇਹਰਾਦੂਨ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਹਰਿਦੁਆਰ 'ਚ ਮਹਾਕੁੰਭ ਦੇ ਆਯੋਜਨ 'ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹਰਿਦੁਆਰ ਮਹਾਕੁੰਭ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਉਤਰਾਖੰਡ 'ਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਨੂੰ ਉਤਰਾਖੰਡ 'ਚ 2220 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1 ਲੱਖ 16 ਹਜ਼ਾਰ 244 ਤੱਕ ਪਹੁੰਚ ਗਈ ਹੈ।
ਡਰਾਉਣੇ ਅੰਕੜੇ
ਹਰਿਦੁਆਰ ਮਹਾਕੁੰਭ ਦੀ ਗੱਲ ਕਰੀਏ ਤਾਂ ਪਿਛਲੇ 6 ਦਿਨਾਂ 'ਚ ਹਰਿਦੁਆਰ 'ਚ 2780 ਨਵੇਂ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਇਸ ਸਮੇਂ ਹਰਿਦੁਆਰ 'ਚ 1269 ਐਕਟਿਵ ਮਾਮਲੇ ਮੌਜੂਦ ਹਨ। 10 ਅਪ੍ਰੈਲ ਨੂੰ ਹਰਿਦੁਆਰ 'ਚ 254, 11 ਅਪ੍ਰੈਲ ਨੂੰ 386, 12 ਅਪ੍ਰੈਲ ਨੂੰ 408, 13 ਅਪ੍ਰੈਲ ਨੂੰ 594, 14 ਅਪ੍ਰੈਲ ਨੂੰ 525 ਅਤੇ 15 ਅਪ੍ਰੈਲ ਨੂੰ 613 ਨਵੇਂ ਮਾਮਲੇ ਸਾਹਮਣੇ ਆਏ ਹਨ।
ਸਰਕਾਰ ਦੀਆਂ ਲੱਖਾਂ ਪਾਬੰਦੀਆਂ ਤੋਂ ਬਾਅਦ ਵੀ ਹਰਿਦੁਆਰ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। 12 ਅਪ੍ਰੈਲ ਨੂੰ ਦੂਸਰੇ ਸ਼ਾਹੀ ਇਸ਼ਨਾਨ ਤੋਂ ਬਾਅਦ ਹਰਿਦੁਆਰ 'ਚ 409 ਨਵੇਂ ਪੌਜ਼ੀਟਿਵ ਮਰੀਜ਼ ਪਾਏ ਗਏ। ਉਥੇ ਹੀ ਤੀਜੇ ਸ਼ਾਹੀ ਇਸ਼ਨਾਨ ਤੋਂ ਬਾਅਦ ਹਰਿਦੁਆਰ 'ਚ ਕੋਰੋਨਾ ਦੇ 613 ਨਵੇਂ ਮਾਮਲੇ ਸਾਹਮਣੇ ਆਏ ਹਨ।