ਨਵੀਂ ਦਿੱਲੀ:ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਕਾਮਨ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਅੱਜ (15 ਜੁਲਾਈ) ਤੋਂ ਸ਼ੁਰੂ ਹੋ ਰਹੀ ਹੈ। ਪ੍ਰੀਖਿਆ ਲਈ ਦੇਸ਼-ਵਿਦੇਸ਼ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ। ਲਗਭਗ 14.9 ਲੱਖ ਵਿਦਿਆਰਥੀਆਂ ਨੇ CUET ਲਈ ਰਜਿਸਟਰ ਕੀਤਾ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ। ਦੱਸ ਦੇਈਏ ਕਿ ਪ੍ਰੀਖਿਆ ਦੋ ਸ਼ਿਫਟਾਂ 'ਚ ਲਈ ਜਾ ਰਹੀ ਹੈ, ਜਿਸ 'ਚ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ 12:15 ਵਜੇ ਤੱਕ ਅਤੇ ਦੂਜੀ ਸ਼ਿਫਟ 3 ਤੋਂ ਸ਼ਾਮ 6:45 ਵਜੇ ਤੱਕ ਹੋਵੇਗੀ।
ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਅੱਜ ਤੋਂ ਸ਼ੁਰੂ ਹੋ ਰਹੀ ਕੇਂਦਰੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਵਿੱਚ ਕਰੀਬ 14 ਲੱਖ 90 ਹਜ਼ਾਰ ਵਿਦਿਆਰਥੀ ਅਪੀਅਰ ਹੋ ਰਹੇ ਹਨ। ਇਸ ਵਿੱਚ ਪਹਿਲੇ ਪੜਾਅ ਵਿੱਚ 8.10 ਲੱਖ ਵਿਦਿਆਰਥੀ ਅਤੇ ਦੂਜੇ ਪੜਾਅ ਵਿੱਚ 6.80 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਇਹ ਪ੍ਰੀਖਿਆ ਦੋ ਪੜਾਵਾਂ ਵਿੱਚ ਲਈ ਜਾ ਰਹੀ ਹੈ, ਜਿਸ ਵਿੱਚ ਪਹਿਲੇ ਪੜਾਅ ਦੀ ਪ੍ਰੀਖਿਆ 15, 16, 19 ਅਤੇ 20 ਜੁਲਾਈ ਨੂੰ ਹੋਵੇਗੀ। ਦੂਜਾ ਪੜਾਅ 4, 5, 6, 7, 8 ਅਤੇ 10 ਅਗਸਤ ਨੂੰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ NEET ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਦੂਜੇ ਪੜਾਅ ਵਿੱਚ ਹੋਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ਲਈ ਦੇਸ਼ ਦੇ 500 ਤੋਂ ਵੱਧ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਦਕਿ ਵਿਦੇਸ਼ਾਂ ਦੇ 10 ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ।