ਪ੍ਰਗਤੀ ਮੈਦਾਨ ਟਨਲ 'ਚ ਬੰਦੂਕ ਦੇ ਜ਼ੋਰ 'ਤੇ ਲੁੱਟਿਆ ਕਾਰੋਬਾਰੀ ਨਵੀਂ ਦਿੱਲੀ : ਪ੍ਰਗਤੀ ਮੈਦਾਨ ਸੁਰੰਗ 'ਚ ਸ਼ਨੀਵਾਰ ਦੁਪਹਿਰ ਨੂੰ ਬਦਮਾਸ਼ਾਂ ਨੇ ਬੰਦੂਕ ਦੇ ਜ਼ੋਰ 'ਤੇ ਇਕ ਵਪਾਰੀ ਤੋਂ 2 ਲੱਖ ਰੁਪਏ ਲੁੱਟ ਲਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਨੂੰ ਲੈ ਕੇ LG ਦੇ ਅਸਤੀਫੇ ਦੀ ਮੰਗ ਕੀਤੀ ਹੈ।
ਲਾਲ ਕਿਲ੍ਹੇ ਤੋਂ ਕੈਬ ਬੁਕ ਕਰਵਾ ਕੇ ਜਾ ਰਹੇ ਸੀ ਗੁਰੂਗ੍ਰਾਮ :ਗੁਜਰਾਤ ਦੇ ਮਹਿਸਾਣਾ ਦੇ ਰਹਿਣ ਵਾਲੇ ਸਾਜਨ ਕੁਮਾਰ ਦਾ ਚਾਂਦਨੀ ਚੌਕ ਵਿੱਚ ਸੋਨੇ-ਚਾਂਦੀ ਦੇ ਗਹਿਣਿਆਂ ਦਾ ਕਾਰੋਬਾਰ ਹੈ। ਉਹ ਸ਼ਨੀਵਾਰ ਦੁਪਹਿਰ ਨੂੰ ਗੁਰੂਗ੍ਰਾਮ ਸਥਿਤ ਇਕ ਫਰਮ ਨੂੰ 2 ਲੱਖ ਰੁਪਏ ਦੇਣ ਜਾ ਰਿਹਾ ਸੀ। ਉਸ ਦਾ ਸਾਥੀ ਜਤਿੰਦਰ ਪਟੇਲ ਵੀ ਉਸ ਦੇ ਨਾਲ ਸੀ। ਲਾਲ ਕਿਲ੍ਹੇ ਤੋਂ ਕੈਬ ਬੁੱਕ ਕਰਵਾ ਕੇ ਜਦੋਂ ਉਹ ਰਿੰਗ ਰੋਡ ਤੋਂ ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਪਹੁੰਚੇ ਤਾਂ ਦੋ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਉਨ੍ਹਾਂ ਦੀ ਕੈਬ ਨੂੰ ਰੋਕ ਲਿਆ। ਬਦਮਾਸ਼ਾਂ ਨੇ ਪਿਸਤੌਲ ਦਿਖਾ ਕੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ। ਬਦਮਾਸ਼ ਭੱਜਣ ਤੋਂ ਬਾਅਦ ਪੀੜਤ ਨੇ ਪੀਸੀਆਰ ਨੂੰ ਫੋਨ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 3 ਤੋਂ 4 ਵਜੇ ਦੇ ਦਰਮਿਆਨ ਵਾਪਰੀ। ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਸ਼ਾਮ 6 ਵਜੇ ਕੀਤੀ। ਫਿਲਹਾਲ ਸੁਰੰਗ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਮਾਮਲੇ 'ਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਬਦਮਾਸ਼ ਲਾਲ ਕਿਲ੍ਹੇ ਤੋਂ ਪਿੱਛਾ ਕਰ ਕੇ ਆ ਰਹੇ ਸਨ। ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰ ਕੇ ਫ਼ਰਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੁੱਟ ਦੀ ਇਸ ਵਾਰਦਾਤ ਲਈ ਕਿਸੇ ਨੇ ਬਦਮਾਸ਼ਾਂ ਨੂੰ ਇਨਪੁਟ ਦਿੱਤਾ ਸੀ। ਉਨ੍ਹਾਂ ਦੀ ਰੇਕੀ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲਾਲ ਕਿਲ੍ਹਾ ਚੌਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਮੰਗਿਆ ਗਵਰਨਰ ਦਾ ਅਸਤੀਫ਼ਾ :ਸੀਐਮ ਕੇਜਰੀਵਾਲ ਨੇ LG ਤੋਂ ਅਸਤੀਫਾ ਮੰਗਿਆ ਹੈ। ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਜੇਕਰ ਕੇਂਦਰ ਸਰਕਾਰ ਦਿੱਲੀ ਨੂੰ ਸੁਰੱਖਿਅਤ ਨਹੀਂ ਬਣਾ ਸਕਦੀ ਤਾਂ ਇਸਨੂੰ ਸਾਡੇ ਹਵਾਲੇ ਕਰ ਦਿਓ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਸ਼ਹਿਰ ਨੂੰ ਇਸਦੇ ਨਾਗਰਿਕਾਂ ਲਈ ਸੁਰੱਖਿਅਤ ਕਿਵੇਂ ਬਣਾਇਆ ਜਾਵੇ। ਇਸ ਦੇ ਨਾਲ ਹੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚਾਰ ਬਦਮਾਸ਼ ਦੋ ਬਾਈਕ 'ਤੇ ਆਉਂਦੇ ਹਨ, ਪ੍ਰਗਤੀ ਮੈਦਾਨ ਦੇ ਅੰਦਰ ਸੁਰੰਗ ਵਿਚ ਇਕ ਕਾਰ ਨੂੰ ਰੋਕਦੇ ਹਨ ਅਤੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਜਾਂਦੇ ਹਨ।