ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਹਿੰਦੂਤਵ ਨੂੰ 1947 ਦੀ ਮੁਸਲਿਮ ਫ਼ਿਰਕਾਪ੍ਰਸਤੀ ਦਾ ਰੂਪ ਕਰਾਰ ਦਿੰਦੇ ਹੋਏ ਕਿਹਾ ਕਿ ਇਸਦੀ ਸਫ਼ਲਤਾ ਦਾ ਮਤਲਬ ਇਹ ਹੋਵੇਗਾ ਕਿ ਭਾਰਤੀ ਧਾਰਨਾ ਦਾ ਖ਼ਾਤਮਾ ਹੋ ਗਿਆ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਿੰਦੂਤਵ ਕੋਈ ਧਰਮ ਨਹੀਂ, ਬਲਕਿ ਰਾਜਨੀਤਕ ਸਿਧਾਂਤ ਹੈ।
ਥਰੂਰ ਨੇ ਆਪਣੀ ਨਵੀਂ ਪੁਸਤਕ 'ਦ ਬੈਟਲ ਆਫ਼ ਬਿਲਾਂਗਿੰਗ' ਵਿੱਚ ਕਿਹਾ ਹੈ ਕਿ ਹਿੰਦੂ ਭਾਰਤ ਕਿਸੇ ਵੀ ਤਰ੍ਹਾਂ ਨਾਲ ਹਿੰਦੂ ਨਹੀਂ ਹੋਵੇਗਾ, ਸਗੋਂ ਸੰਘੀ ਹਿੰਦੂਤਵ ਰਾਜ ਹੋਵੇਗਾ ਜਿਹੜਾ ਪੂਰੀ ਤਰ੍ਹਾਂ ਨਾਲ ਵੱਖ ਤਰ੍ਹਾਂ ਦਾ ਦੇਸ਼ ਹੋਵੇਗਾ। ਉਨ੍ਹਾਂ ਦੀ ਇਸ ਕਿਤਾਬ ਨੂੰ ਸ਼ਨੀਵਾਰ ਜਾਰੀ ਕੀਤਾ ਗਿਆ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਮੇਰੇ ਵਰਗੇ ਲੋਕ ਜਿਹੜੇ ਆਪਣੇ ਪਿਆਰੇ ਭਾਰਤ ਨੂੰ ਇਕਜੁਟ ਰੱਖਣਾ ਚਾਹੁੰਦੇ ਹਨ, ਉਨ੍ਹਾਂ ਦਾ ਪਾਲਣ ਇਸ ਤਰ੍ਹਾਂ ਹੋਇਆ ਹੈ ਕਿ ਉਹ ਧਾਰਮਿਕ ਰਾਜ ਨੂੰ ਨਫ਼ਰਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂਤਵ ਅੰਦੋਲਨ ਦੀ ਜਿਹੜੀ ਬਿਆਨਬਾਜ਼ੀ ਹੈ, ਉਸ ਨਾਲ ਉਹੀ ਗੂੰਜ ਸੁਣਾਈ ਦਿੰਦੀ ਹੈ, ਜਿਸ ਨੂੰ ਖਾਰਜ਼ ਕਰਨ ਲਈ ਭਾਰਤ ਦਾ ਨਿਰਮਾਣ ਹੋਇਆ ਸੀ।
'ਐਲੇਫ਼ ਬੁੱਕ ਕੰਪਨੀ' ਵੱਲੋਂ ਛਾਪੀ ਇਸ ਕਿਤਾਬ ਵਿੱਚ ਥਰੂਰ ਨੇ ਹਿੰਦੂਤਵ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਇਹ ਭਾਰਤੀਅਤਾ ਦੇ ਬੁਨਿਆਦੀ ਪਹਿਲੂ ਲਈ ਚੁਨੌਤੀ ਹੈ।
ਆਪਣੇ 'ਹਿੰਦੂ-ਪਾਕਿਸਤਾਨ' ਵਾਲੇ ਬਿਆਨ ਨਾਲ ਸਬੰਧਿਤ ਵਿਵਾਦ ਨੂੰ ਸਮਰਪਿਤ ਇੱਕ ਪੂਰੇ ਅਧਿਆਇ ਵਿੱਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਸੱਤਾਧਾਰੀ ਪਾਰਟੀ ਵੱਲੋਂ ਪਾਕਿਸਤਾਨ ਦਾ ਹਿੰਦੂਤਵ ਵਾਲਾ ਸੰਸਕਰਣ ਬਣਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਸੀ, ਕਿਉਂਕਿ ਇਸ ਲਈ ਸਾਡਾ ਸਵਤੰਤਰਤਾ ਅੰਦੋਲਨ ਨਹੀਂ ਸੀ ਅਤੇ ਨਾ ਹੀ ਇਹ ਭਾਰਤ ਦੀ ਧਾਰਨਾ ਹੈ ਜਿਸ ਨੂੰ ਸਾਡੇ ਸੰਵਿਧਾਨ ਵਿੱਚ ਰੱਖਿਆ ਗਿਆ ਹੈ।
ਉਹ ਲਿਖਦੇ ਹਨ ਕਿ ਇਹ ਸਿਰਫ਼ ਘੱਟਗਿਣਤੀਆਂ ਦੇ ਸਬੰਧ ਵਿੱਚ ਨਹੀਂ ਹੈ, ਜਿਵੇਂ ਭਾਜਪਾ ਸਾਨੂੰ ਮਨਾਵੇਗੀ। ਮੇਰੇ ਵਰਗੇ ਬਹੁਤ ਸਾਰੇ ਸਨਮਾਨਤ ਹਿੰਦੂ ਹਨ ਜਿਹੜੇ ਭਾਰਤ ਪ੍ਰਤੀ ਆਪਣੀ ਸ਼ਰਧਾ ਨੂੰ ਇਕੱਤਰ ਰੱਖਦੇ ਹਨ ਅਤੇ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਦੀ ਤਰ੍ਹਾਂ ਅਸਹਿਣਸ਼ੀਲ ਅਤੇ ਇੱਕ ਧਰਮ ਆਧਾਰਿਤ ਸੂਬੇ ਵਿੱਚ ਰਹਿਣ ਦਾ ਇਰਾਦਾ ਨਹੀਂ ਰੱਖਦੇ।
ਥਰੂਰ ਨੇ ਕਿਹਾ ਕਿ ਹਿੰਦੂਤਵ, ਹਿੰਦੂ ਧਰਮ ਨਹੀਂ ਹੈ। ਇਹ ਇੱਕ ਰਾਜਨੀਤਕ ਸਿਧਾਂਤ ਹੈ, ਧਾਰਮਿਕ ਨਹੀਂ ਹੈ।
ਸੀਏਏ ਦੀ ਆਲੋਚਨਾ ਕਰਦੇ ਹੋਏ ਥਰੂਰ ਨੇ ਕਿਹਾ ਕਿ ਇਹ ਪਹਿਲਾ ਕਾਨੂੰਨ ਹੈ ਜਿਹੜਾ ਦੇਸ਼ ਦੀ ਉਸ ਨੀਂਹ 'ਤੇ ਪ੍ਰਸ਼ਨ ਕਰਦਾ ਹੈ ਕਿ ਧਰਮ ਸਾਡੇ ਗੁਆਂਢੀ ਅਤੇ ਸਾਡੀ ਨਾਗਰਿਕਤਾ ਨੂੰ ਤੈਅ ਕਰਨ ਦਾ ਪੈਮਾਨਾ ਨਹੀਂ ਹੋ ਸਕਦਾ। ਉਨ੍ਹਾਂ ਅਨੁਸਾਰ, ਇਹ ਸੋਧ ਕਾਨੂੰਨ ਇੱਕ ਸੰਮਲਿਤ ਸੂਬੇ ਵੱਜੋਂ ਭਾਰਤ ਨੂੰ ਲੈ ਕੇ ਜਿਹੜੀ ਧਾਰਨਾ ਹੈ, ਉਸ ਉਪਰ ਵੀ ਸੱਟ ਮਾਰਦਾ ਹੈ।
ਹਿੰਦੂਤਵ ਦੇ ਸੰਦਰਭ ਵਿੱਚ ਕਾਂਗਰਸੀ ਆਗੂ ਨੇ ਇਸ ਕਿਤਾਬ ਵਿੱਚ ਲਿਖਿਆ ਹੈ ਕਿ ਹਿੰਦੂਤਵ ਅੰਦੋਲਨ 1947 ਦੀ ਮੁਸਲਿਮ ਫ਼ਿਰਕਾਪ੍ਰਸਤੀ ਦਾ ਰੂਪ ਹੈ। ਇਸ ਨਾਲ ਸਬੰਧਿਤ ਬਿਆਨਬਾਜ਼ੀ ਨਾਲ ਉਸ ਕੱਟੜਤਾ ਦੀ ਗੂੰਜ ਸੁਣਾਈ ਦਿੰਦੀ ਹੈ, ਜਿਸ ਨੂੰ ਖਾਰਜ ਕਰਨ ਲਈ ਭਾਰਤ ਦਾ ਨਿਰਮਾਣ ਹੋਇਆ ਸੀ। ਉਨ੍ਹਾਂ ਕਿਹਾ ਕਿਹਾ ਕਿ ਇਸ ਹਿੰਦੂਤਵ ਦੀ ਸਫ਼ਲਤਾ ਦਾ ਮਤਲਬ ਇਹ ਹੋਵੇਗਾ ਕਿ ਭਾਰਤੀ ਧਾਰਨਾ ਦਾ ਖਾਤਮਾ ਹੋ ਗਿਆ।
ਏਆਈਐਮਆਈਐਮ ਆਗੂ ਵਾਰਿਸ ਪਠਾਨ ਦੇ ਭਾਰਤ ਮਾਤਾ ਦੀ ਜੈ ਦਾ ਨਾਅਰਾ ਨਾ ਲਗਾਉਣ ਸਬੰਧੀ ਵਿਵਾਦ ਦਾ ਜ਼ਿਕਰ ਕਰਦਦਿਆਂ ਥਰੂਰ ਨੇ ਕਿਹਾ ਕਿ ਕੁੱਝ ਮੁਸਲਿਮ ਕਹਿੰਦੇ ਹਨ ਕਿ ਸਾਨੂੰ ਜੈ ਹਿੰਦ, ਹਿੰਦੁਸਤਾਨ ਜਿੰਦਾਬਾਦ, ਜੈ ਭਾਰਤ ਕਹਿਣ ਲਈ ਕਹੋ, ਪਰ ਭਾਰਤ ਮਾਤਾ ਦੀ ਜੈ ਕਹਿਣ ਲਈ ਨਾ ਕਹੋ।
ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਸਾਨੂੰ ਵਿਚਾਰ ਰੱਖਣ ਦੀ ਆਜ਼ਾਦੀ ਅਤੇ ਸਾਨੂੰ ਚੁੱਪ ਰਹਿਣ ਦੀ ਵੀ ਆਜ਼ਾਦੀ ਦਿੰਦਾ ਹੈ। ਅਸੀਂ ਦੂਜਿਆਂ ਦੇ ਮੂੰਹ ਵਿੱਚ ਆਪਣੇ ਸ਼ਬਦ ਨਹੀਂ ਪਾ ਸਕਦੇ।