ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾ ਗਈ ਹੈ। ਉੱਥੇ ਹੀ ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਤੋੜ ਦਿੱਤਾ ਹੈ। ਗਠਜੋੜ ਟੁੱਟਣ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਦਿੱਲੀ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਈ ਦਿੱਤੀ।
ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ। ਸਿਰਸਾ ਨੇ ਸਪਸ਼ਟ ਕੀਤਾ ਹੈ ਕਿ ਅਕਾਲੀ ਦਲ ਦਿੱਲੀ ਵਿੱਚ ਚੋਣ ਨਹੀਂ ਲੜੇਗੀ। ਹਾਲਾਕਿ ਸਿਰਸਾ ਨੇ ਚੋਣਾਂ ਨਾ ਲੜਨ ਦਾ ਕਾਰਨ ਨਾਗਰਿਕਤਾ ਸੋਧ ਕਾਨੂੰਨ ਨੂੰ ਦੱਸਿਆ ਹੈ। ਸਿਰਸਾ ਨੇ ਕਿਹਾ ਕਿ ਭਾਜਪਾ ਸੀਏਏ ਬਾਰੇ ਆਪਣਾ ਪੱਖ ਬਦਲਣ ਦੀ ਮੰਗ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਰ ਰਹੀ ਹੈ। ਇਸ ਤੋਂ ਇਨਕਾਰ ਕਰਦਿਆਂ, ਅਕਾਲੀ ਦਲ ਨੇ ਦਿੱਲੀ ਵਿੱਚ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਕਰਕੇ ਗੱਠਜੋੜ ਤੋੜਿਆ ਹੈ।