ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੁੰ–ਚੁਕਾਈ ਦੀ ਰਸਮ ਦੀ ਤਰੀਕ ਦੱਸਣ ਲਈ ਕਹਿ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਮੰਤਰੀਆਂ ਦੇ ਨਾਵਾਂ ਦੀ ਸੂਚੀ ਵੀ ਮੰਗੀ ਗਈ ਹੈ। ਦੱਸ ਦਈਏ, ਸਹੁੰ–ਚੁਕਾਈ ਦੀ ਰਸਮ ਰਾਸ਼ਟਰਪਤੀ ਭਵਨ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਉਹ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਗੁਜਰਾਤ ਜਾਣਗੇ।
ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ। ਇਸ ਮੀਟਿੰਗ ’ਚ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਐੱਨਡੀਏ (NDA) ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਸਰਕਾਰ ਦੇ ਗਠਨ ਵੱਲ ਅੱਗੇ ਵਧਣ ਦਾ ਕਦਮ ਚੁੱਕਿਆ ਗਿਆ। ਮੋਦੀ ਨੂੰ ਆਗੂ ਚੁਣਨ ਦਾ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ।