ਧਰਮ ਦੀ ਰਾਜਨੀਤੀ ਖੇਡਣ ਵਾਲੇ ਸਿਆਸਤਦਾਨਾਂ ਲਈ ਮਿਸਾਲ ਹੈ ਇਹ ਪਿੰਡ
ਇੱਕੋ ਹੀ ਘਰ 'ਚ ਇੱਕ ਭਰਾ ਹਿੰਦੂ ਧਰਮ ਦਾ ਹੈ ਅਤੇ ਦੂਜਾ ਭਰਾ ਮੁਸਲਮਾਨ ਹੈ। ਇੱਕ ਹੀ ਛੱਤ ਹੇਠ ਰਹਿੰਦੇ ਦੋ ਧਰਮਾਂ ਦੇ ਵਿਅਕਤੀਆਂ ਦੀ ਇਹ ਪਛਾਣ ਕਰਨੀ ਕਿ ਕੌਣ ਕਿਹੜੇ ਧਰਮ ਦਾ ਹੈ, ਬਹੁਤ ਮੁਸ਼ਕਿਲ ਹੈ।
ਆਗਰਾ : ਭਾਰਤੀ ਸੰਸਕ੍ਰਿਤੀ 'ਚ ਹਿੰਦੂ-ਮੁਸਲਮਾਨ ਨੂੰ ਲੈ ਕੇ ਬਹੁਤ ਦੰਦ ਕਥਾਵਾਂ ਪ੍ਰਚਲਿਤ ਹਨ। ਜਾਤਾਂ ਦੇ ਨਾਂਅ 'ਤੇ ਹਮੇਸ਼ਾ ਹੀ ਰਾਜਨੀਤੀ ਵੀ ਕੀਤੀ ਜਾਂਦੀ ਰਹੀ ਹੈ। ਪਰ ਆਗਰਾ ਵਿੱਚ ਇੱਕ ਪਿੰਡ ਹੈ 'ਸਾਧਨ', ਇਸ ਪਿੰਡ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਵੱਖ-ਵੱਖ ਘਰਾਂ 'ਚ ਇਕ ਭਰਾ ਹਿੰਦੂ ਹੈ ਤੇ ਦੂਜਾ ਮੁਸਲਮਾਨ ਹੈ ਅਤੇ ਦੋਵੇਂ ਇੱਕਠੇ ਰਹਿੰਦੇ ਹਨ। ਇੱਥੇ ਹਿੰਦੂ-ਮੁਸਲਮਾਨ ਭਾਈਚਾਰੇ ਨੂੰ ਲੈ ਕੇ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ।
ਇਸ ਪਿੰਡ 'ਚ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਕੋਂ ਹੀ ਘਰ 'ਚ ਭਤੀਜਾ ਪੰਜ ਵੇਲੇ ਨਮਾਜ਼ ਪੜ੍ਹਦਾ ਹੈ ਪਰ ਚਾਚਾ ਮੰਦਿਰ 'ਚ ਮੱਥਾ ਟੇਕਦਾ ਹੈ।
ਪਿੰਡ ਦੇ ਪ੍ਰਧਾਨ ਜਮੀਲ ਜਾਦੋਨ ਨੇ ਗੱਲਬਾਤ ਵੇਲੇ ਦੱਸਿਆ ਕਿ ਇਹ ਸਭ ਵੇਖ ਕੇ ਹੈਰਾਨੀ ਤਾਂ ਹੁੰਦੀ ਹੀ ਹੈ ਪਰ ਇਹ ਗੱਲ ਸੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਹਿੰਦੂ ਸੀ ਫਿਰ ਮੁਸਲਮਾਨ ਹੋਏ ਅਤੇ ਫਿਰ ਹਿੰਦੂਵਾਦ ਦੀ ਗੱਲ ਚੱਲੀ ਅਤੇ ਫਿਰ ਸਾਰੇ ਹਿੰਦੂ ਹੋ ਗਏ। ਉਨ੍ਹਾਂ ਦੱਸਿਆ ਕਿ ਇੱਥੇ ਕੌਣ ਕਿਹੜੇ ਧਰਮ ਦਾ ਹੈ ਤੁਸੀਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ।
ਜ਼ਿਕਰਯੋਗ ਹੈ ਕਿ ਇਸ ਪਿੰਡ 'ਚ ਲੋਕਾਂ ਨੂੰ ਮਿਲਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ ਅਤੇ ਇਸ ਸੱਚ ਨੂੰ ਅਪਣਾਉਂਦੇ ਹਨ। ਅੱਜ ਜਿੱਥੇ ਜਾਤੀ ਅਤੇ ਧਰਮ ਦੀ ਰਾਜਨੀਤੀ 'ਚ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਉਨ੍ਹਾਂ ਰਾਜਨੀਤੀ ਦੇ ਠੇਕੇਦਾਰਾਂ ਲਈ ਇਹ ਪਿੰਡ ਇੱਕ ਮਿਸਾਲ ਹੈ।