ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਜ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ, 'ਭਾਰਤ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਡਾ. ਮਨਮੋਹਨ ਸਿੰਘ ਵਰਗੀ ਡੂੰਘਾਈ ਦੀ ਘਾਟ ਨੂੰ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੀ (ਡਾ. ਮਨਮੋਹਨ ਸਿੰਘ) ਇਮਾਨਦਾਰੀ, ਸੰਜੀਦਗੀ ਅਤੇ ਸਮਰਪਣ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ। ਉਨ੍ਹਾਂ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਆਉਣ ਵਾਲਾ ਸਾਲ ਉਨ੍ਹਾਂ ਲਈ ਖ਼ੁਸ਼ੀਆਂ ਭਰਿਆ ਹੋਵੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਜੈਵੀਰ ਸ਼ੇਰਗਿੱਲ, ਰੋਹਨ ਗੁਪਤਾ ਸਣੇ ਕਈ ਸ਼ਖਸੀਅਤਾਂ ਨੇ ਡਾ. ਮਨਮੋਹਨ ਸਿੰਘ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀ ਵਧਾਈ ਦਿੱਤੀਆਂ। ਮਨਮੋਹਨ ਸਿੰਘ ਸਾਲ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਜਨਮ ਭਾਰਤ ਦੀ ਵੰਡ ਤੋਂ ਪਹਿਲਾਂ 26 ਸਤੰਬਰ 1932 ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੋਇਆ ਸੀ।
ਡਾ. ਮਨਮੋਹਨ ਸਿੰਘ ਨੇ ਪੰਜਾਬ ਅਤੇ ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਪ੍ਰਾਪਤ ਕੀਤੀ। ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਇਲਾਵਾ, ਦਿੱਲੀ ਸਕੂਲ ਆਫ਼ ਇਕਨਾਮਿਕਸ ਅਤੇ ਦਿੱਲੀ ਯੂਨੀਵਰਸਿਟੀ ਵਿਖੇ ਵੀ ਪੜ੍ਹਾਇਆ ਹੈ। ਉਹ ਭਾਰਤ ਵਿਚ ਯੋਜਨਾ ਕਮਿਸ਼ਨ ਦੇ ਮੁਖੀ ਵੀ ਰਹੇ ਹਨ।
ਡਾ. ਮਨਮੋਹਨ ਸਿੰਘ ਨੇ, ਵਿੱਤ ਮੰਤਰਾਲੇ ਦੇ ਸਕੱਤਰ; ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ; ਰਿਜ਼ਰਵ ਬੈਂਕ ਆਫ ਇੰਡੀਆ ਦੇ ਚੇਅਰਮੈਨ; ਪ੍ਰਧਾਨ ਮੰਤਰੀ ਦੇ ਸਲਾਹਕਾਰ; ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ 1991 ਤੋਂ 1996 ਤੱਕ ਵਿੱਤ ਮੰਤਰੀ ਰਹੇ ਅਤੇ ਆਰਥਿਕ ਸੁਧਾਰਾਂ ਲਈ ਵਿਆਪਕ ਨੀਤੀ ਬਣਾਈ। 1987 ਵਿਚ, ਉਸ ਨੂੰ ਪਦਮ ਵਿਭੂਸ਼ਣ, ਭਾਰਤ ਦਾ ਦੂਜਾ ਸਭ ਤੋਂ ਉੱਚ ਨਾਗਰਿਕ ਸਨਮਾਨ ਦਿੱਤਾ ਗਿਆ
ਡਾ. ਸਿੰਘ ਨੇ 2004 ਤੋਂ 2014 ਤੱਕ 10 ਸਾਲ 4 ਮਹੀਨਿਆਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਉਹ ਜਵਾਹਰ ਲਾਲ ਨਹਿਰੂ (ਲਗਭਗ 17 ਸਾਲ) ਅਤੇ ਇੰਦਰਾ ਗਾਂਧੀ (ਲਗਭਗ 11 ਸਾਲ) ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ।
ਮਨਮੋਹਨ ਸਿੰਘ ਦੇਸ਼ ਦੇ ਵਿਦਵਾਨ ਅਰਥਸ਼ਾਸਤਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਉਹ ਪੀਵੀ ਨਰਸ੍ਹਿਮਾ ਰਾਓ ਸਰਕਾਰ ਵਿੱਚ ਵਿੱਤ ਮੰਤਰੀ ਸਨ। ਮਨਮੋਹਨ ਸਿੰਘ ਦਾ ਨਾਂਅ ਹਮੇਸ਼ਾ ਭਾਰਤ ਦੇ ਆਰਥਿਕ ਸੁਧਾਰਾਂ ਦੀ ਦਿਸ਼ਾ ਵਿੱਚ ਲਿਆ ਜਾਂਦਾ ਹੈ।