ਫ਼ੌਜ ਦੇ ਸੂਤਰਾਂ ਮੁਤਾਬਕ ਨੌਸ਼ੇਰਾ ਸੈਕਟਰ ਦੇ ਲਾਮ ਝੰਗੜ ਖੇਤਰ ਦੇ ਸਰੈਯਾ ਵਿੱਚ ਲਗਾਈ ਗਈ IED (ਇੰਪ੍ਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ) ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਸ ਨੂੰ ਡਿਫ਼ਿਊਜ਼ ਕੀਤਾ ਜਾ ਰਿਹਾ ਸੀ, ਜਿਨ੍ਹਾਂ ਵਿਚੋ 3 IED ਨੂੰ ਡਿਫ਼ਿਊਜ਼ ਕਰਨ ਵਿੱਚ ਸਫ਼ਲਤਾ ਹਾਸਲ ਹੋ ਗਈ ਸੀ, ਪਰ ਚੌਥੇ IED ਨੂੰ ਡਿਫ਼ਿਊਜ਼ ਕਰਦੇ ਸਮੇਂ ਧਮਾਕਾ ਹੋ ਗਿਆ। ਇਸ ਦੌਰਾਨ ਇੰਜੀਨੀਅਰਿੰਗ ਵਿਭਾਗ ਦੇ ਮੇਜਰ ਚਿਤ੍ਰੇਸ਼ ਬਿਸ਼ਟ ਸ਼ਹੀਦ ਹੋ ਗਏ। ਉਹ 21 ਜੀਆਰ 'ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ 15 ਅਗਸਤ ਨੂੰ ਚਿਤ੍ਰੇਸ਼ ਨੇ 15-18 IED ਨੂੰ ਖੁਦ ਡਿਫ਼ਿਊਜ਼ ਕੀਤਾ ਸੀ, ਜੋ ਕਿ ਉਨ੍ਹਾਂ ਦੀ ਕੰਪਨੀ ਦੇ ਬੇਸ ਕੈਂਪ ਵਿੱਚ ਲਗਾਏ ਗਏ ਸਨ।
ਵਿਆਹ ਦੇ ਕਾਰਡ ਵੰਡ ਰਹੇ ਪਿਤਾ ਨੂੰ ਮਿਲੀ ਸ਼ਹਾਦਤ ਦੀ ਖ਼ਬਰ
ਦੇਹਰਾਦੂਨ: LOC 'ਤੇ ਰਜੌਰੀ ਜ਼ਿਲ੍ਹੇ ਜੇ ਨੌਸ਼ੇਰਾ ਸੈਕਟਰ ਵਿੱਚ IED ਨੂੰ ਡਿਫ਼ਿਊਜ ਕਰਦੇ ਸਮੇਂ ਇੱਕ ਧਮਾਕਾ ਹੋਇਆ ਜਿਸ ਵਿੱਚ ਭਾਰਤ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ। ਇਸ ਧਮਾਕੇ ਵਿੱਚ ਫ਼ੌਜ ਦੇ 31 ਸਾਲਾ ਮੇਜਰ ਚਿਤ੍ਰੇਸ਼ ਸਿੰਘ ਬਿਸ਼ਟ ਜਿਨ੍ਹਾਂ ਦਾ ਵਿਆਹ 7 ਮਾਰਚ ਨੂੰ ਹੋਣਾ ਸੀ, ਉਹ ਸ਼ਹਾਦਤ ਦਾ ਜਾਮ ਪੀ ਗਏ। ਮੇਜਰ ਚਿਤ੍ਰੇਸ਼ ਤੋਂ ਇਲਾਵਾ 1 ਹੋਰ ਜਵਾਨ ਵੀ ਸ਼ਹੀਦ ਹੋ ਗਿਆ ਸੀ।
ਚਿਤ੍ਰੇਸ਼ ਨੇ 28 ਫ਼ਰਵਰੀ ਨੂੰ ਵਿਆਹ ਲਈ ਆਉਣਾ ਸੀ ਛੁੱਟੀ
ਚਿਤ੍ਰੇਸ਼ ਭਾਰਤੀ ਫ਼ੌਜ ਅਕਾਦਮੀ ਦੇਹਰਾਦੂਨ ਤੋਂ ਸਾਲ 2010 ਵਿੱਚ ਪਾਸਆਊਟ ਹੋਏ ਸਨ। ਉਨ੍ਹਾਂ ਦੇ ਪਿਤਾ ਐਸਐਸ ਬਿਸ਼ਟ, ਉਤਰਾਖੰਡ ਦੇ ਰਾਣੀਖੇਤ ਦੇ ਪੀਪਲੀ ਪਿੰਡ ਦੇ ਵਾਸੀ ਹਨ। ਚਿਤ੍ਰੇਸ਼ ਦਾ 7 ਮਾਰਚ ਨੂੰ ਵਿਆਹ ਹੋਣਾ ਸੀ, ਜਿਸ ਦੀਆਂ ਪਰਿਵਾਰ ਖੁਸ਼ੀ-ਖੁਸ਼ੀ ਤਿਆਰੀਆਂ ਕਰਦੇ ਹੋਏ ਵਿਆਹ ਦੇ ਕਾਰਡ ਵੰਡ ਰਹੇ ਸਨ। ਬੀਤੇ ਸ਼ਨੀਵਾਰ ਵੀ ਪਿਤਾ ਵਿਆਹ ਦਾ ਕਾਰਡ ਵੰਡ ਕੇ ਘਰ ਮੁੜੇ ਸਨ ਕਿ ਉਨ੍ਹਾਂ ਨੂੰ ਚਿਤ੍ਰੇਸ਼ ਦੀ ਸ਼ਹਾਦਤ ਹੋਣ ਦੀ ਖ਼ਬਰ ਮਿਲ ਗਈ।
ਕੀ ਹੈ IED
IED ਦਾ ਮਤਲਬ ਇੰਪ੍ਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ ਹੈ, ਜੋ ਕਿ ਬੰਬ ਦੀ ਤਰ੍ਹਾਂ ਹੁੰਦੇ ਹਨ। ਇਹ ਮਿਲਟਰੀ ਵਿੱਚ ਬੰਬਾਂ ਨਾਲੋਂ ਵੱਖਰੇ ਤਰੀਕੇ ਨਾਲ ਬਣਾਏ ਜਾਂਦੇ ਹਨ। ਇਨ੍ਹਾਂ ਨੂੰ ਕੰਮ ਚਲਾਊ ਬੰਬ ਵੀ ਕਿਹਾ ਜਾਂਦਾ ਹੈ। ਇਨਾਂ ਵਿੱਚ ਜ਼ਹਿਰੀਲੇ, ਖ਼ਤਰਨਾਕ, ਪਟਾਖ਼ੇ ਬਣਾਉਣ ਵਾਲੇ ਤੇ ਅੱਗ ਲਗਾਉਣ ਵਾਲੇ ਕੈਮੀਕਲ ਪਾਏ ਜਾਂਦੇ ਹਨ।
IED ਧਮਾਕਾ ਹੋਣ ਤੇ ਅਕਸਰ ਮੌਕੇ 'ਤੇ ਅੱਗ ਲੱਗ ਜਾਂਦੀ ਹੈ ਜਿਸ ਨਾਲ ਵਿਸਫ਼ੋਟ ਤੋਂ ਬਾਅਦ ਬਹੁਤ ਧੁੰਆਂ ਨਿਕਲਦਾ ਹੈ ਅਤੇ ਅੱਤਵਾਦੀ ਜਾਂ ਨਕਸਲੀ ਇਸ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਫ਼ਰਵਰੀ ਨੂੰ ਜੰਮੂ ਅਤੇ ਕਸ਼ਮੀਰ ਦੇ ਹੀ ਪੁਲਵਾਮਾ ਵਿਖੇ ਸੀਆਰਪੀਐਫ਼ ਦੇ ਕਾਫ਼ਲੇ 'ਤੇ ਆਤਮਘਾਤੀ ਹਮਲਾ ਕੀਤਾ। ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਬੀਤੇ ਦਿਨ ਸ਼ਨੀਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।