ਨਵੀਂ ਦਿੱਲੀ : ਮਹਾਰਾਸ਼ਟਰ ਦੇ ਬੁਲਢਾਨਾ ਵਿਖੇ ਇੱਕ ਹਿੰਦੂ ਅਫ਼ਸਰ ਸੰਜੈ.ਐਨ.ਮਾਲੀ ਨੇ ਹਿੰਦੂ-ਮਸਲਿਮ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਉਨ੍ਹਾਂ ਨੇ ਆਪਣੇ ਡਰਾਈਵਰ ਜ਼ਫਰ ਲਈ ਰੋਜ਼ਾ ਰੱਖਿਆ।
ਹਿੰਦੂ-ਮੁਸਲਿਮ ਏਕਤਾ ਦੀ ਵੱਡੀ ਮਿਸਾਲ, ਬਿਮਾਰ ਡਰਾਈਵਰ ਲਈ ਅਧਿਕਾਰੀ ਨੇ ਖ਼ੁਦ ਰੱਖਿਆ ਰੋਜ਼ਾ
ਮਹਾਰਾਸ਼ਟਰ ਵਿੱਚ ਹਿੰਦੂ-ਮਸਲਿਮ ਏਕਤਾ ਦੀ ਨਵੀਂ ਮਿਸਾਲ ਸਾਹਮਣੇ ਆਈ ਹੈ। ਇਥੇ ਜੰਗਲਾਤ ਵਿਭਾਗ ਦੇ ਹਿੰਦੂ ਅਧਿਕਾਰੀ ਨੇ ਆਪਣੇ ਬਿਮਾਰ ਮੁਸਲਿਮ ਡਰਾਈਵਰ ਲਈ ਖ਼ੁਦ ਰੋਜ਼ਾ ਰੱਖ ਕੇ ਭਾਈਚਾਰੇ ਦੀ ਏਕਤਾ ਦਾ ਪੈਗਾਮ ਦਿੱਤਾ ਹੈ।
ਜੰਗਲਾਤ ਵਿਭਾਗ ਦੇ ਅਧਿਕਾਰੀ ਸੰਜੈ.ਐਨ.ਮਾਲੀ ਨੇ ਰੋਜ਼ਾ ਰੱਖਣ ਦੇ ਬਾਰੇ ਦੱਸਿਆ ਕਿ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ 'ਤੇ ਉਨ੍ਹਾਂ ਨੇ ਆਪਣੇ ਡਰਾਈਵਰ ਜ਼ਫਰ ਨੂੰ ਪੁੱਛਿਆ ਕਿ ਉਹ ਰੋਜ਼ੇ ਰੱਖੇਗਾ ? ਜ਼ਫਰ ਨੇ ਬਿਮਾਰ ਹੋਣ ਦੇ ਚਲਦੇ ਰੋਜ਼ੇ ਨਾ ਰੱਖਣ ਦੀ ਗੱਲ ਕਹੀ। ਮਾਲੀ ਨੇ ਦੱਸਿਆ ਕਿ ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਤੁਹਾਡੀ ਥਾਂ ਰੋਜ਼ਾ ਰੱਖਾਂਗਾ। 6 ਨੂੰ ਮੈਂ ਰੋਜ਼ਾ ਰੱਖਿਆ। ਸਵੇਰੇ ਚਾਰ ਵਜੇ ਉੱਠ ਕੇ ਸਹਰੀ ਵਿੱਚ ਕੁਝ ਖਾਧਾ ਅਤੇ ਸ਼ਾਮੀ 7 ਵਜੇ ਈਫ਼ਤਾਰ ਕੀਤਾ। ਮੈਨੂੰ ਰੋਜ਼ਾ ਰੱਖਣ ਬਾਰੇ ਜੋ ਵੀ ਜਾਣਕਾਰੀ ਮਿਲੀ ਮੈਂ ਉਸ ਮੁਤਾਬਕ ਰੋਜ਼ਾ ਰੱਖਿਆ।
ਸੰਜੈ.ਐਨ.ਮਾਲੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਸੰਪਰਦਾਇਕ ਅਤੇ ਇਨਸਾਨੀਅਤ ਦਾ ਸਨਮਾਨ ਕਰਨਾ ਚਾਹੀਦਾ ਹੈ। ਮੈਂ ਹਰ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਧਰਮ ਤੋਂ ਪਹਿਲਾਂ ਇਨਸਾਨੀਅਤ ਨੂੰ ਮੰਨਣਾ ਚਾਹੀਦਾ ਹੈ। ਸਭ ਨੂੰ ਹਰ ਧਰਮ ਦਾ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਹਰ ਧਰਮ ਸਾਨੂੰ ਵਧੀਆਂ ਚੀਜ਼ਾ, ਆਪਸੀ ਭਾਈਚਾਰਾ ਅਤੇ ਇਨਸਾਨੀਅਤ ਸਿਖਾਉਂਦਾ ਹੈ। ਰੋਜ਼ਾ ਰੱਖਣ ਤੋਂ ਬਾਅਦ ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਿਹਾ ਹਾਂ।