ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਹੱਦਾਂ ਦੀ ਘੇਰਾਬੰਦੀ ਕਰੀ ਬੈਠੇ ਕਿਸਾਨਾਂ ਦਾ ਅੰਦੋਲਨ 12ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸੇ ਅੰਦੋਲਨ ਦੇ ਵਿੱਚ ਕਿਸਾਨਾਂ ਨਾਲ ਮੁਲਾਕਤ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੰਘੂ ਸਰਹੱਦ 'ਤੇ ਪਹੁੰਚੇ ਅਤੇ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਭਾਰਤ ਬੰਦ ਦੀ ਕਰਦਾ ਹਾਂ ਹਿਮਾਇਤ: ਕੇਜਰੀਵਾਲ ਕੇਜਰੀਵਾਲ ਨੇ ਸਿੰਘੂ ਬਾਰਡਰ 'ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਕਿਸਾਨਾਂ ਨਾਲ ਮੁਲਾਕਾਤ ਦੋਰਾਨ ਕੇਜਰੀਵਾਲ ਬੋਲੇ ਅੱਜ ਕਿਸਾਨ ਮੁਸੀਬਤ ਵਿੱਚ ਹਨ, ਸਮੁੱਚੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਸੇਵਾ ਕਰਨ। ਮੈਂ ਅੱਜ ਸਿਸਟਮ ਦਾ ਜਾਇਜ਼ਾ ਲੈਣ ਲਈ ਆਇਆ ਹਾਂ। ਮੈਂ ਇਥੇ ਰਹਿਣ ਦੇ ਪ੍ਰਬੰਧਾਂ ਨੂੰ ਵੇਖਿਆ ਅਤੇ ਰਸੋਈ ਵੀ ਵੇਖੀ। ਕਿਸਾਨਾਂ ਨੇ ਕਿਹਾ ਕਿ ਉਹ ਸਿਸਟਮ ਤੋਂ ਸੰਤੁਸ਼ਟ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ਼ ਜਰਨੈਲ ਸਿੰਘ ਸਾਰੀ ਰਾਤ ਇੱਥੇ ਹੀ ਸੌਂਦੇ ਰਹੇ।
'ਦਿੱਲੀ ਦੇ 9 ਸਟੇਡੀਅਮਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਦਾ ਸੀ ਬਹੁਤ ਦਬਾਅ'
ਕੇਜਰੀਵਾਲ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮੰਗਾਂ ਜਲਦ ਤੋਂ ਜਲਦ ਪੂਰੀਆਂ ਹੋਣਗੀਆਂ। ਆਮ ਆਦਮੀ ਪਾਰਟੀ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦੀ ਹੈ। ਮੈਨੂੰ ਉਮੀਦ ਹੈ ਕਿ ਲੋਕ ਸ਼ਾਂਤਮਈ ਢੰਗ ਨਾਲ ਇਸ ਵਿੱਚ ਸ਼ਾਮਲ ਹੋਣਗੇ। ਉਥੇ ਹੀ ਆਪਣੀ ਗੱਲ ਦੁਹਰਾਉਂਦੇ ਕੇਜਰੀਵਾਲ ਬੋਲੇ, 'ਮੇਰੇ ਉੱਤੇ ਦਿੱਲੀ ਦੇ 9 ਸਟੇਡੀਅਮਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਲਈ ਬਹੁਤ ਦਬਾਅ ਸੀ, ਪਰ ਮੈਂ ਅਜਿਹਾ ਨਹੀਂ ਕੀਤਾ।'
'ਆਪ' ਨੇ ਕਿਸਾਨਾਂ ਦੇ 'ਭਾਰਤ ਬੰਦ' ਦੀ ਕੀਤੀ ਹਮਾਇਤ
ਇਸ ਤੋਂ ਪਹਿਲਾਂ 6 ਦਸੰਬਰ ਨੂੰ ਆਮ ਆਦਮੀ ਪਾਰਟੀ ਨੇ 8 ਦਸੰਬਰ ਨੂੰ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਦੇ ਦਿੱਲੀ ਰਾਜ ਕਨਵੀਨਰ ਗੋਪਾਲ ਰਾਏ ਨੇ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ ਸੀ।