ਨਵੀਂ ਦਿੱਲੀ: ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ 36 ਕੇਂਦਰੀ ਮੰਤਰੀ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ 18 ਤੋਂ 24 ਜਨਵਰੀ ਤੱਕ ਇਹ 36 ਕੇਂਦਰੀ ਮੰਤਰੀ ਜੰਮੂ ਵਿੱਚ 51 ਥਾਵਾਂ ਤੋਂ ਇਲਾਵਾ ਕਸ਼ਮੀਰ ਦੇ 8 ਥਾਵਾਂ ਦਾ ਦੌਰਾ ਕਰਨਗੇ।
ਜੰਮੂ ਕਸ਼ਮੀਰ ਜਾਣਗੇ 36 ਕੇਂਦਰੀ ਮੰਤਰੀ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕੇਂਦਰ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਮੰਤਰੀਆਂ ਦਾ ਮੁੱਖ ਕੰਮ ਸਰਕਾਰ ਵੱਲੋਂ ਚੁੱਕੇ ਗਏ ਵਿਕਾਸ ਉਪਰਾਲਿਆਂ ਨੂੰ ਸਾਂਝਾ ਕਰਨਾ ਹੋਵੇਗਾ। ਇਹ ਲੋਕ ਜੰਮੂ-ਕਸ਼ਮੀਰ ਦੇ ਲੋਕਾਂ ਤੱਕ ਪਹੁੰਚਣਗੇ ਅਤੇ ਉਨ੍ਹਾਂ ਨੂੰ ਸਰਕਾਰ ਦੇ ਪ੍ਰਾਜੈਕਟਾਂ ਅਤੇ ਹੋਰ ਪਹਿਲਕਦਮੀਆਂ ਬਾਰੇ ਦੱਸਣਗੇ।"
ਇਨ੍ਹਾਂ ਲੋਕਾਂ ਵਿੱਚ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਰੇਲ ਮੰਤਰੀ ਪਿਯੂਸ਼ ਗੋਇਲ, ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ, ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ, ਸਭਿਆਚਾਰ ਮੰਤਰੀ ਮਹਿੰਦਰ ਨਾਥ ਪਾਂਡੇ ਅਤੇ ਸਾਬਕਾ ਆਰਮੀ ਚੀਫ ਜਨਰਲ ਵੀ.ਕੇ. ਸਿੰਘ ਦਾ ਨਾਂਏ ਸ਼ਾਮਲ ਹੈ।
ਦੱਸਣਯੋਗ ਹੈ ਕਿ 5 ਅਗਸਤ, 2019 ਨੂੰ ਕੇਂਦਰ ਸਰਕਾਰ ਨੇ ਅਚਾਨਕ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਹੈ। ਕੇਂਦਰ ਦੇ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 370 ਵੱਲੋਂ ਦਿੱਤਾ ਗਿਆ ਵਿਸ਼ੇਸ਼ ਰੁਤਬਾ ਵੀ ਖ਼ਤਮ ਹੋ ਗਿਆ। ਇਨ੍ਹਾਂ ਤਬਦੀਲੀਆਂ ਤੋਂ ਬਾਅਦ ਜੰਮੂ-ਕਸ਼ਮੀਰ ਦੇ 36 ਕੇਂਦਰੀ ਮੰਤਰੀਆਂ ਦੀ ਇਹ ਪਹਿਲੀ ਯਾਤਰਾ ਹੋਵੇਗੀ।