ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 'ਡਰਾਮੇਬਾਜ਼' ਕਹਿਣਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਨਜ਼ਰੀਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੇ ਦਰਦ ਅਤੇ ਦੁੱਖਾਂ ਨੂੰ ਉਜਾਗਰ ਕਰਨ ਲਈ ਇੱਕ ਛੋਟੀ ਜਿਹੀ ਡੌਕਿਊਮੈਂਟਰੀ ਬਣਾਈ ਸੀ।
ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਮੇਰਾ ਮਕਸਦ ਸਿਰਫ਼ ਗਰੀਬਾਂ, ਮਜ਼ਦੂਰਾਂ ਨਾਲ ਗੱਲ ਕਰਨਾ ਸੀ, ਉਨ੍ਹਾਂ ਤੋਂ ਉਹ ਜਾਨਣਾ ਸੀ ਜੋ ਉਨ੍ਹਾਂ ਦੇ ਦਿਲ ਵਿੱਚ ਜੋ ਹੈ।"
ਉਨ੍ਹਾਂ ਕਿਹਾ, "ਮੈਂ ਉਨ੍ਹਾਂ ਦੇ ਗਿਆਨ ਤੋਂ ਸਿੱਖਣਾ ਚਾਹੁੰਦਾ ਹਾਂ। ਮੈਂ ਸਹਾਇਤਾ ਜਾਰੀ ਰੱਖਾਂਗਾ ਅਤੇ ਜੇ ਉਹ ਮੈਨੂੰ ਇਜਾਜ਼ਤ ਦਿੰਦੇ ਹਨ ਤਾਂ ਮੈਂ ਉਨ੍ਹਾਂ ਦਾ ਸਮਾਨ ਲੈ ਜਾਵਾਂਗਾ ਅਤੇ ਨਾ ਸਿਰਫ ਇੱਕ ਵਿਅਕਤੀ ਦਾ, ਬਲਕਿ 10-15 ਲੋਕਾਂ ਦਾ। ਮੇਰਾ ਇੱਕੋ ਮਕਸਦ ਹੈ, ਦੇਸ਼ ਦੇ ਲੋਕਾਂ ਦੀ ਮਦਦ ਕਰਨਾ।"
ਕਾਂਗਰਸੀ ਨੇਤਾ ਨੇ ਕਿਹਾ, "ਮੈਂ ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਦੀ ਦੁਰਦਸ਼ਾ ਜਾਨਣ ਲਈ ਇੱਕ ਛੋਟੀ ਫਿਲਮ ਬਣਾਈ ਹੈ। ਇਸ ਦਾ ਬਹੁਤ ਵੱਡਾ ਪ੍ਰਭਾਵ ਹੋਇਆ ਹੈ। ਇਹ ਸਾਡੀ ਤਾਕਤ ਅਤੇ ਭਵਿੱਖ ਹਨ ਅਤੇ ਜੇ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਨਹੀਂ ਕਰਦੇ ਤਾਂ ਅਸੀਂ ਕਿਸਦੀ ਮਦਦ ਕਰਾਂਗੇ।"