ਨਵੀਂ ਦਿੱਲੀ: ਕੰਟਰੋਲ ਰੇਖਾ ਦੇ ਨਾਲ-ਨਾਲ ਜੰਗਬੰਦੀ ਦੀ ਉਲੰਘਣਾ ਅਤੇ ਅੱਤਵਾਦੀ ਗਤੀਵਿਧੀਆਂ ਦੇ ਵਾਧੇ ਦੇ ਮੱਦੇਨਜ਼ਰ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀਰਵਾਰ ਨੂੰ ਕਸ਼ਮੀਰ ਘਾਟੀ ਦਾ ਦੌਰਾ ਕਰਨਗੇ।
ਫ਼ੌਜ ਮੁਖੀ ਦਾ ਇਹ ਦੌਰਾ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਕਿ ਫ਼ੌਜ ਨੇ ਅੱਤਵਾਦੀਆਂ ਨੂੰ ਭਾਰਤ ਵਿੱਚ ਭੇਜਣ ਦੀਆਂ ਕੋਸ਼ਿਸ਼ਾਂ ਵਿਚ ਵਾਧਾ ਕੀਤਾ ਹੈ ਅਤੇ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਵੱਡੇ ਪੱਧਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਸੈਨਾ ਦੇ ਸੂਤਰਾਂ ਨੇ ਮੀਡੀਆ ਨੂੰ ਦੱਸਿਆ, ''ਸੈਨਾ ਮੁਖੀ ਸ੍ਰੀਨਗਰ ਵਿੱਚ 15 ਕੌਰਪਸ ਦੀਆਂ ਅੱਤਵਾਦ ਵਿਰੋਧੀ ਅਤੇ ਘੁਸਪੈਠ ਵਿਰੋਧੀ ਕਾਰਵਾਈਆਂ ਦੀ ਸਮੀਖਿਆ ਕਰਨਗੇ ਅਤੇ ਕੰਟਰੋਲ ਰੇਖਾ 'ਤੇ ਆਰਮੀ ਪੋਸਟਾਂ ਦੇ ਸੰਚਾਲਨ ਦੀ ਤਿਆਰੀ ਦਾ ਵੀ ਜਾਇਜ਼ਾ ਲੈਣਗੇ।
ਹਾਲ ਹੀ ਵਿੱਚ, ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦੁਧਨਿਆਲ ਖੇਤਰ ਵਿੱਚ ਅੱਤਵਾਦੀ ਲਾਂਚਪੈਡ ਤਬਾਹ ਕੀਤੇ ਸਨ। ਇਹ ਕਾਰਵਾਈ ਕੇਰਨ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਲੜੀਵਾਰ ਜੰਗਬੰਦੀ ਦੀ ਉਲੰਘਣਾ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਫ਼ੌਜ ਦੁਆਰਾ ਕੀਤੀ ਗਈ ਸੀ। ਅੱਤਵਾਦੀਆਂ ਨੇ ਇਨ੍ਹਾਂ ਲਾਂਚ ਪੈਡਸ ਦੀ ਹੀ ਵਰਤੋਂ ਕੀਤੀ ਸੀ। ਭਾਰਤੀ ਫ਼ੌਜ ਨੇ 1 ਅਪ੍ਰੈਲ ਨੂੰ ਕੇਰਨ ਸੈਕਟਰ ਤੋਂ ਘੁਸਪੈਠ ਕਰਨ ਵਾਲੇ ਪੰਜ ਅੱਤਵਾਦੀਆਂ ਨੂੰ ਵੀ ਢੇਰ ਕੀਤਾ ਸੀ।
ਪਾਕਿਸਤਾਨ ਫ਼ੌਜ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ।