ਨਵੀਂ ਦਿੱਲੀ: ਏਅਰ ਇੰਡੀਆ ਦੀ ਪਾਇਲਟ ਯੂਨੀਅਨਾਂ ਨੇ ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਦੀ ਮੰਗ ਕੀਤੀ। ਪਾਇਲਟ ਯੂਨੀਅਨ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਨਿੱਜੀਕਰਨ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਇੰਡੀਅਨ ਪਾਇਲਟਸ ਗਿਲਡ (ਆਈਪੀਜੀ) ਅਤੇ ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲਿਖੇ ਪੱਤਰ ਵਿੱਚ ਕਿਹਾ, ‘16 ਜੁਲਾਈ 2020 ਦੀ ਪ੍ਰੈਸ ਕਾਨਫਰੰਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਏਅਰ ਇੰਡੀਆ ਦੀ ਮੌਜੂਦਾ ਸਥਿਤੀ ਬਾਰੇ ਅਧਿਕਾਰੀਆਂ ਨੇ ਗਲਤ ਜਾਣਕਾਰੀ ਦਿੱਤੀ, ਕਿ ਬੋਰਡ ਤਨਖਾਹ ਨਹੀਂ ਕੱਟ ਰਿਹਾ ਹੈ ਅਤੇ ਇਸ ਬਾਰੇ ਪਾਇਲਟਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਆਈਸੀਪੀਏ ਨੇ ਕਿਹਾ ਕਿ ਇਹ ਗੱਲਬਾਤ ਨਹੀਂ ਸੀ, ਪਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਇਕ ਆਦੇਸ਼ ਸੀ, ਜਿਸ ਬਾਰੇ ਸਾਨੂੰ ਦੱਸਿਆ ਗਿਆ ਸੀ। ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਖੌਤੀ ਗੱਲਬਾਤ ਕਿਸੇ ਵੀ ਤਰੀਕੇ ਨਾਲ ਸੁਖਾਵੀਂ ਨਹੀਂ ਸੀ। ਆਈਪੀਜੀ ਅਤੇ ਆਈਸੀਪੀਏ ਨੇ ਪਿਛਲੇ ਹਫ਼ਤੇ ਬਾਂਸਲ ਨੂੰ ਭੇਜੇ ਇੱਕ ਸਾਂਝੇ ਪੱਤਰ ਵਿੱਚ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚਕਾਰ, ਏਅਰ ਇੰਡੀਆ ਨੇ ਪਾਇਲਟਾਂ ਦੀ ਤਨਖਾਹ ਵਿੱਚ 60 ਪ੍ਰਤੀਸ਼ਤ ਕਟੌਤੀ ਕਰਨ ਦਾ ਪ੍ਰਸਤਾਵ ਦਿੱਤਾ ਹੈ।