ਪੰਜਾਬ ਖੇਤੀਬਾੜੀ ਵਿਭਾਗ ਨੇ ਬਠਿੰਡਾ ’ਚ ਨਕਲੀ ਕੀਟਨਾਸ਼ਕਾਂ ਨਾਲ ਲੱਦਿਆ ਪਿਕਅੱਪ ਟਰੱਕ ਕੀਤਾ ਕਾਬੂ - Bathinda Agriculture Department
Published : Aug 4, 2024, 2:54 PM IST
ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਡੀਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸ਼ਨਿਵਾਰ ਨੂੰ ਹਰਿਆਣਾ ਤੋਂ ਆ ਰਹੇ ਪਿਕ-ਅੱਪ ਟਰੱਕ ’ਚੋਂ ਅਣ-ਅਧਿਕਾਰਤ ਕੀਟਨਾਸ਼ਕਾਂ ਦਾ ਵੱਡਾ ਸਟਾਕ ਜ਼ਬਤ ਕੀਤਾ। ਇਹ ਕੀਟਨਾਸ਼ਕ ਬਠਿੰਡਾ ਅਤੇ ਨੇੜਲੇ ਜ਼ਿਲਿ੍ਆਂ ਦੇ ਕਿਸਾਨਾਂ ਨੂੰ ਸਪਲਾਈ ਕੀਤੇ ਜਾਣੇ ਸਨ। ਇਹ ਕਾਰਵਾਈ ਖੇਤੀਬਾੜੀ ਵਿਭਾਗ ਵੱਲੋਂ 18 ਜੁਲਾਈ, 2024 ਨੂੰ ਬਠਿੰਡਾ ਤੋਂ ਮੈਸਰਜ਼ ਵੁੱਡਲੈਂਡ ਐਗਰੀਟੇਕ ਇੰਡੀਆ (ਐਚ.ਆਰ.),ਕੈਥਲ ਦੀਆਂ 1200 ਲੀਟਰ ਕੀਟਨਾਸ਼ਕ ਦਵਾਈਆਂ ਜ਼ਬਤ ਕਰਨ ਤੋਂ ਕੁਝ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਖੇਤੀਬਾੜੀ ਮਹਿਕਮਾ ਬਠਿੰਡਾ ਦੇ ਅਧਿਕਾਰੀਆਂ ਡਾ. ਮੁਖਤਿਆਰ ਸਿੰਘ ਅਤੇ ਡਾ.ਅਸਮਾਨਪ੍ਰੀਤ ਸਿੰਘ ਸਿੱਧੂ ਏਡੀਓ ਨੇ ਟੀਮ ਸਮੇਤ ਹਰਿਆਣਾ ਤੋਂ ਬਿਨਾ ਲਾਈਸੈਂਸ ਕੀਟਨਾਸ਼ਕ ਦਵਾਈਆਂ ਲਿਆ ਰਹੇ ਕੈਂਟਰ ਨੂੰ ਫੜਿਆ ਹੈ। ਇਹ ਕੈਂਟਰ ਘਰਾਟਾਂ ਵਾਲੀ ਨਹਿਰ ਲੰਘ ਕੇ ਫੂਲ ਸਲਾਬਤਪੁਰਾ ਰੋਡ 'ਤੇ ਟਰੈਪ ਲਗਾਕੇ ਫੜਿਆ। ਡਾ. ਸਿੱਧੂ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਦੀ ਕੰਪਨੀ ਜਸਵੰਤ ਰਸਾਇਣ ਜਿਸ ਕੋਲ ਪੰਜਾਬ ਵਿੱਚ ਕੰਮ ਕਰਨ ਲਈ ਲਾਇਸੈਂਸ ਨਹੀਂ ਹੈ, ਉਸ ਕੰਪਨੀ ਦੀਆਂ ਕੀਟਨਾਸ਼ਕ ਦਵਾਈਆਂ ਦਾ ਭਰਿਆ ਕੈਂਟਰ ਹਰਿਆਣਾ ਤੋਂ ਫੂਲ ਵੱਲ ਆ ਰਿਹਾ ਹੈl ਪਰਚਾ ਕਰਨ ਲਈ ਮੁੱਖ ਅਫ਼ਸਰ ਥਾਣਾ ਫੂਲ ਨੂੰ ਲਿਖ ਦਿੱਤਾ ਗਿਆ ਹੈ ਅਤੇ ਸੈਂਪਲ ਭਰਕੇ ਲੈਬ ਨੂੰ ਭੇਜੇ ਜਾਣਗੇ ।