ਮੁਹੱਲੇ 'ਚ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਭੜਕੇ ਖੰਨਾ ਨਿਵਾਸੀ, ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ - Anger over liquor shops in khanna
Published : Apr 8, 2024, 8:43 AM IST
ਖੰਨਾ ਦੇ ਭਾਦਲਾ ਪਿੰਡ 'ਚ ਰਿਹਾਇਸ਼ੀ ਇਲਾਕੇ ਵਿੱਚ ਖੁੱਲ੍ਹੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਰੋਡ ਜਾਮ ਕੀਤਾ। ਸਾਰੇ ਇਕੱਠੇ ਹੋ ਕੇ ਖੰਨਾ ਤੋਂ ਵਾਇਆ ਖੇੜੀ ਮੋਰਿੰਡਾ ਜਾਂਦੀ ਸੜਕ ’ਤੇ ਆ ਗਏ। ਰੋਸ ਧਰਨੇ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਜਿੱਥੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ ਉੱਥੇ ਆਸ-ਪਾਸ ਘਰ ਵੀ ਹਨ। ਇੱਥੇ ਇੱਕ ਸਰਕਾਰੀ ਸਕੂਲ ਅਤੇ ਆਂਗਣਵਾੜੀ ਕੇਂਦਰ ਵੀ ਹੈ। ਜਦੋਂ ਬੱਚੇ ਘਰੋਂ ਨਿਕਲਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਾਬ ਦੇ ਠੇਕੇ ਤੋਂ ਲੰਘਣਾ ਪਵੇਗਾ। ਇਸ ਦਾ ਬੁਰਾ ਪ੍ਰਭਾਵ ਪਵੇਗਾ। ਦੂਜੇ ਪਾਸੇ ਲੜਕੀਆਂ ਅਤੇ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਵੇਗਾ। ਲੋਕ ਇੱਥੇ ਸ਼ਰਾਬ ਪੀ ਕੇ ਦਿਨ-ਰਾਤ ਲੜਦੇ ਰਹਿਣਗੇ। ਮਾਹੌਲ ਤਣਾਅਪੂਰਨ ਰਹੇਗਾ। ਇਸ ਲਈ ਠੇਕਾ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਉਹ ਕਿਸੀ ਵੀ ਕੀਮਤ ਉਪਰ ਇੱਥੇ ਠੇਕਾ ਨਹੀਂ ਖੋਲ੍ਹਣ ਦੇਣਗੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸ਼ਰਾਬ ਦਾ ਠੇਕਾ ਕੀਤੇ ਹੋਰ ਖੁਲਵਾਇਆ ਜਾਵੇ ਜਿੱਥੇ ਇਸਦਾ ਕੋਈ ਪ੍ਰਭਾਵ ਆਮ ਜਨਜੀਵਨ ਉਪਰ ਨਾ ਪਵੇ। ਜੇਕਰ ਠੇਕੇਦਾਰ ਨੇ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।