ਮੰਗਲੁਰੂ: ਕਰਨਾਟਕ ਦੇ ਉਲਾਲ ਨਗਰ 'ਚ ਐਤਵਾਰ ਨੂੰ ਇਕ ਰਿਜ਼ੋਰਟ ਦੇ ਸਵੀਮਿੰਗ ਪੂਲ 'ਚ 3 ਲੜਕੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਤਿੰਨੋਂ ਲੜਕੀਆਂ ਮੈਸੂਰ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੀ ਪਛਾਣ ਨਿਸ਼ਿਤਾ ਐਮਡੀ (21), ਪਾਰਵਤੀ ਐਸ (20) ਅਤੇ ਕੀਰਥਨਾ ਐਨ (21) ਵਜੋਂ ਹੋਈ ਹੈ।
ਤਿੰਨੋਂ ਐਤਵਾਰ ਸਵੇਰੇ ਸਵੀਮਿੰਗ ਪੂਲ ਵਿੱਚ ਉਤਰੀਆਂ
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲੁਰੂ ਨੇੜੇ ਉਲਾਲ ਥਾਣਾ ਖੇਤਰ ਦੇ ਅਧੀਨ ਸੋਮੇਸ਼ਵਰ ਪਿੰਡ 'ਚ ਸਥਿਤ ਵਾਜਕੋ ਰਿਜ਼ੋਰਟ 'ਚ ਵਾਪਰੀ। ਉਸ ਨੇ ਦੱਸਿਆ ਕਿ ਤਿੰਨੇ ਲੜਕੀਆਂ ਸ਼ਨੀਵਾਰ ਨੂੰ ਮੈਸੂਰ ਤੋਂ ਉਲਾਲ ਨਗਰ ਘੁੰਮਣ ਲਈ ਪਹੁੰਚੀਆਂ ਸਨ ਅਤੇ ਰਿਜ਼ੋਰਟ 'ਚ ਰਹਿ ਰਹੀਆਂ ਸਨ। ਤਿੰਨੋਂ ਐਤਵਾਰ ਸਵੇਰੇ ਸਵੀਮਿੰਗ ਪੂਲ ਵਿੱਚ ਉਤਰ ਗਈਆਂ।
ਪਾਣੀ ਵਿੱਚ ਤੈਰਨ ਦੀ ਬਣਾ ਰਹੀਆਂ ਸੀ ਵੀਡੀਓ
ਲੜਕੀਆਂ ਨੇ ਆਪਣੇ ਤੈਰਨ ਦੀ ਵੀਡੀਓ ਬਣਾਉਣ ਲਈ ਮੋਬਾਈਲ ਨੂੰ ਰਿਕਾਰਡ ਮੋਡ ਵਿੱਚ ਰੱਖਿਆ ਹੋਇਆ ਸੀ। ਪੁਲਿਸ ਮੁਤਾਬਿਕ ਇਸ ਦੌਰਾਨ ਇਕ ਲੜਕੀ ਡੁੱਬਣ ਲੱਗੀ ਅਤੇ ਉਸ ਨੂੰ ਬਚਾਉਣ ਲਈ ਅੱਗੇ ਆਈ ਦੂਜੀ ਲੜਕੀ ਵੀ ਡੁੱਬਣ ਲੱਗੀ। ਇਸ ਤਰ੍ਹਾਂ ਤਿੰਨੋਂ ਲੜਕੀਆਂ ਦੀ ਸਵਿਮਿੰਗ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ।
ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਲੜਕੀਆਂ ਦੇ ਡੁੱਬਣ ਦੀ ਘਟਨਾ ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਰਿਜ਼ੋਰਟ ਮਨੋਹਰ ਨਾਂ ਦੇ ਸਥਾਨਕ ਵਿਅਕਤੀ ਦਾ ਹੈ। ਉਲਾਲ ਥਾਣੇ ਦੇ ਥਾਣੇਦਾਰ ਐਚਐਨ ਬਾਲਕ੍ਰਿਸ਼ਨ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।