ਵਿਸ਼ਵ ਦਿਵਿਆਂਗ ਦਿਵਸ ਮੌਕੇ ਪ੍ਰਸ਼ਾਸ਼ਨ ਨੇ ਧਰਨਾਕਾਰੀਆਂ ਦੀਆਂ ਮੰਗਾਂ ਮੰਨ ਮਿਠਾਈ ਖਵਾ ਕੇ ਚੁਕਵਾਇਆ ਧਰਨਾ
Published : Dec 3, 2024, 9:31 PM IST
ਅੰਮ੍ਰਿਤਸਰ: ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸੋਮਵਾਰ ਦਰਿਆ ਬਿਆਸ ਪੁਲ ਦੇ ਕਿਨਾਰੇ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ ਸੀ। ਇਸ ਦੌਰਾਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਅਤੇ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸੁਖਦੇਵ ਕੁਮਾਰ ਬੰਗੜ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਸਮੇਤ ਲਖਵੀਰ ਸਿੰਘ ਸੈਣੀ ਸਮੇਤ 5 ਮੈਂਬਰੀ ਵਫ਼ਦ ਨੂੰ ਬਠਿੰਡਾ ਵਿਖੇ ਨਾਲ ਲਿਜਾ ਕੇ ਕੈਬਨਿਟ ਮੰਤਰੀ ਡਾ਼ ਬਲਜੀਤ ਕੌਰ ਨਾਲ ਮੀਟਿੰਗ ਕਰਵਾਈ ਗਈ। ਜਿਸ ਦੌਰਾਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਉਕਤ ਕਮੇਟੀ ਦੀਆਂ ਮੰਗਾਂ ਨੂੰ ਸੁਣ ਕੇ ਮੁੱਖ ਮੰਗਾਂ ਤੇ ਵਿਚਾਰ ਕਰਦੇ ਹੋਏ ਯੂਡੀਆਈਡੀ ਕਾਰਡਾਂ ਵਿੱਚ ਸੋਧ ਕਰਨ, ਅੰਗਹੀਣਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦਾ ਵੇਰਵਾ ਲੈਣ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਕੀਤੇ ਹਨ। ਇਸ ਦੇ ਨਾਲ ਹੀ ਪੜ੍ਹੇ ਲਿਖੇ ਦੀਵਿਆਂਗਾਂ ਨੂੰ ਨਰੇਗਾ ਵਿੱਚ ਮੇਰਟ ਦੀਆਂ ਨੌਕਰੀਆਂ ਲਈ ਅਤੇ 1500 ਤੋਂ 2500 ਪੈਨਸ਼ਨ ਲਈ ਵੀ ਭਵਿੱਖ ਵਿੱਚ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਹੈ।