ਸ੍ਰੀ ਹੇਮਕੁੰਟ ਸਾਹਿਬ ਗਏ ਸ਼ਰਧਾਲੂ ਦੀ ਭੇਦਭਰੇ ਹਾਲਾਤਾਂ 'ਚ ਮੌਤ,ਪਰਿਵਾਰ ਨੇ ਭਰੇ ਮਨ ਨਾਲ ਕੀਤਾ ਸਸਕਾਰ - Death of a pilgrim - DEATH OF A PILGRIM
Published : Jun 18, 2024, 10:22 AM IST
ਤਰਨ ਤਾਰਨ : ਪੱਟੀ ਸ਼ਹਿਰ ਦੇ ਨੌਜਵਾਨ ਸੁਖਮਨਪਾਲ ਸਿੰਘ ਦੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਲੈਣ ਲਈ ਪਰਿਵਾਰ ਮੈਂਬਰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਗਏ ਹੋਏ ਹਨ। ਮ੍ਰਿਤਕ ਨੌਜਵਾਨ ਦੇ ਤਾਏ ਰਜਵੰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਮਨਪਾਲ ਸਿੰਘ ਪੁੱਤਰ ਸਵਰਗੀ ਹਰਪ੍ਰੀਤ ਸਿੰਘ, ਜੋ ਇੱਕ ਭੈਣ ਦਾ ਇਕਲੌਤਾ ਭਰਾ ਸੀ ਤੇ ਉਹ ਆਪਣੇ 3 ਹੋਰ ਸਾਥੀਆਂ ਨਾਲ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ ਸੀ। ਜਦ ਉਹ ਸ੍ਰੀ ਹੇਮਕੁੰਟ ਸਾਹਿਬ ਤੋਂ ਤਕਰੀਬਨ 300 ਕੁ ਮੀਟਰ ਦੂਰੀ 'ਤੇ ਸੀ ਤਾਂ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਇਸ ਦੌਰਾਨ ਉਥੇ ਕੁੱਝ ਵਿਅਕਤੀਆਂ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮ੍ਰਿਤਕ ਨੋਜਵਾਨ ਨੂੰ ਹੈਲੀਕਾਪਟਰ ਦੇ ਰਾਹੀਂ ਹੇਠਾ ਲਿਆਉਣ ਦੀ ਮਦਦ ਮੰਗੀ ਗਈ ਸੀ, ਪਰ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਸੁਖਮਨਪਾਲ ਸਿੰਘ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਚੁੱਕਾ ਸੀ ਤੇ ਪਿਛਲੇ ਸਾਲ ਉਹ ਇੱਕ ਹੀ ਮਹੀਨੇ ਵਿੱਚ ਦੋ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਿਆ ਸੀ। ਉਹਨਾਂ ਕਿਹਾ ਕਿ ਸਾਡੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਨਾਲ ਫੋਨ ‘ਤੇ ਗੱਲ ਹੋ ਰਹੀ ਹੈ, ਪਰ ਉਹਨਾਂ ਦੇ ਬਾਕੀ ਸਾਥੀਆਂ ਨਾਲ ਉਨ੍ਹਾਂ ਦੀ ਗੱਲ ਨਹੀਂ ਹੋ ਰਹੀ ਤੇ ਮੌਤ ਦੇ ਅਸਲ ਕਾਰਨਾਂ ਬਾਰੇ ਉਨ੍ਹਾਂ ਨੂੰ ਉੱਥੇ ਪਹੁੰਚ ਕੇ ਹੀ ਪਤਾ ਲੱਗੇਗਾ।