Highest Grossing Punjabi Films of 2024: ਸਾਲ 2024 ਖ਼ਤਮ ਹੋਣ ਦੇ ਕਿਨਾਰੇ ਉਤੇ ਖੜ੍ਹਾ ਹੈ, 1 ਦਿਨ ਬਾਅਦ ਅਸੀਂ ਨਵੇਂ ਸਾਲ ਵਿੱਚ ਦਸਤਕ ਦੇ ਦੇਵਾਂਗੇ। ਇਸ ਤੋਂ ਪਹਿਲਾਂ ਕਿ ਨਵਾਂ ਸਾਲ ਐਂਟਰੀ ਕਰੇ, ਅਸੀਂ ਤੁਹਾਡੇ ਲਈ ਇਸ ਸਾਲ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ ਅਤੇ ਕਿਸ ਫਿਲਮ ਨੇ ਭਾਰਤ ਵਿੱਚੋਂ ਕਿੰਨੀ ਕਮਾਈ ਕੀਤੀ ਹੈ, ਇਸ ਬਾਰੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ।
ਉਲੇਖਯੋਗ ਹੈ ਕਿ ਭਾਰਤ ਦੀ ਪੰਜਾਬੀ ਫਿਲਮ ਇੰਡਸਟਰੀ ਲਈ 2024 ਚੰਗਾ ਸਾਲ ਰਿਹਾ ਹੈ, ਭਾਰਤੀ ਬਾਕਸ ਆਫਿਸ 'ਤੇ ਕਈ ਸਫਲ ਫਿਲਮਾਂ ਆਈਆਂ ਹਨ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ 'ਜੱਟ ਐਂਡ ਜੂਲੀਅਟ 3' ਇੱਕ ਰਿਕਾਰਡ ਬ੍ਰੇਕਰ ਬਣ ਕੇ ਉੱਭਰੀ। ਇਸ ਤੋਂ ਇਲਾਵਾ ਮਾਮੂਲੀ ਬਜਟ 'ਚ ਬਣੀਆਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਅਰਦਾਸ ਸਰਬੱਤ ਦੇ ਭਲੇ' ਵਰਗੀਆਂ ਫਿਲਮਾਂ ਟਿਕਟ ਖਿੜਕੀਆਂ 'ਤੇ ਜੇਤੂ ਰਹੀਆਂ। ਆਓ 2024 ਦੀਆਂ 10 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ 'ਤੇ ਇੱਕ ਨਜ਼ਰ ਮਾਰੀਏ...।
ਜੱਟ ਐਂਡ ਜੂਲੀਅਟ 3
ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਭਾਰਤ ਵਿੱਚ 45.12 ਕਰੋੜ ਦੀ ਕਮਾਈ ਕੀਤੀ, ਇਸ ਤੋਂ ਇਲਾਵਾ ਫਿਲਮ ਨੇ ਪੂਰੀ ਦੁਨੀਆਂ ਵਿੱਚ 107 ਕਰੋੜ ਦੀ ਕਮਾਈ ਕੀਤੀ ਹੈ, ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੇ ਕਾਫੀ ਸੁਰਖ਼ੀਆਂ ਬਟੋਰੀਆਂ।
ਸ਼ਿੰਦਾ ਸ਼ਿੰਦਾ ਨੋ ਪਾਪਾ
ਹਿਨਾ ਖਾਨ ਅਤੇ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੇ ਭਾਰਤ ਵਿੱਚੋਂ 20.12 ਕਰੋੜ ਦੀ ਕਮਾਈ ਕੀਤੀ ਅਤੇ ਪੂਰਾ ਕਲੈਕਸ਼ਨ 38.62 ਕਰੋੜ ਰਿਹਾ। ਇਸ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਨੇ ਕੀਤਾ ਹੈ।
ਬੀਬੀ ਰਜਨੀ
ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਬੀਬੀ ਰਜਨੀ' ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਸੀ, ਇਸ ਫਿਲਮ ਨੇ ਭਾਰਤ ਵਿੱਚੋਂ 18 ਕਰੋੜ ਅਤੇ ਪੂਰੀ ਦੁਨੀਆਂ ਵਿੱਚੋਂ 29 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ।
ਅਰਦਾਸ ਸਰਬੱਤ ਦੇ ਭਲੇ ਦੀ
ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ' ਦੀ ਇਸ ਲਿਸਟ ਵਿੱਚ ਚੌਥੇ ਸਥਾਨ ਉਤੇ ਹੈ, ਇਸ ਫਿਲਮ ਨੇ ਭਾਰਤ ਵਿੱਚੋਂ 18.18 ਕਰੋੜ ਅਤੇ ਪੂਰੀ ਦੁਨੀਆਂ ਵਿੱਚੋਂ 43.18 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ।
ਜੱਟ ਨੂੰ ਚੁੜੈਲ ਟੱਕਰੀ
ਗਿੱਪੀ ਗਰੇਵਾਲ ਦੀ ਇੱਕ ਹੋਰ ਫਿਲਮ ਇਸ ਲਿਸਟ ਵਿੱਚ ਸ਼ਾਮਲ ਹੈ, ਗਿੱਪੀ ਗਰੇਵਾਲ, ਸਰਗੁਣ ਮਹਿਤਾ ਅਤੇ ਰੂਪੀ ਗਿੱਲ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੇ ਭਾਰਤ ਵਿੱਚੋਂ 17 ਕਰੋੜ ਅਤੇ ਪੂਰੀ ਦੁਨੀਆਂ ਵਿੱਚੋਂ 33 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ।
ਮਿੱਤਰਾਂ ਦਾ ਚੱਲਿਆ ਟਰੱਕ ਨੀਂ
ਬਿਨ੍ਹਾਂ ਪ੍ਰਮੋਸ਼ਨ ਤੋਂ ਆਪਣੀਆਂ ਫਿਲਮਾਂ ਰਿਲੀਜ਼ ਕਰਨ ਵਾਲੇ ਅਦਾਕਾਰ ਅਮਰਿੰਦਰ ਗਿੱਲ ਦੀ ਫਿਲਮ ਵੀ ਇਸ ਲਿਸਟ ਵਿੱਚ ਸ਼ਾਮਲ ਹੈ, ਜਿਸ ਨੇ ਭਾਰਤ ਵਿੱਚੋਂ 2.01 ਕਰੋੜ ਅਤੇ ਪੂਰੀ ਦੁਨੀਆਂ ਵਿੱਚੋਂ 7.25 ਕਰੋੜ ਦਾ ਕਲੈਕਸ਼ਨ ਕੀਤਾ ਹੈ।
ਕੁੜੀ ਹਰਿਆਣੇ ਵੱਲ ਦੀ
ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਵੀ ਇਸ ਲਿਸਟ ਵਿੱਚ ਸ਼ਾਮਲ ਹੈ, ਫਿਲਮ ਨੇ ਭਾਰਤ ਵਿੱਚੋਂ 3.18 ਕਰੋੜ ਅਤੇ ਪੂਰੀ ਦੁਨੀਆਂ ਵਿੱਚੋਂ 6.44 ਕਰੋੜ ਦਾ ਕਲੈਕਸ਼ਨ ਕੀਤਾ।
ਵਾਰਨਿੰਗ 2
'ਵਾਰਨਿੰਗ 2' ਵੀ ਇਸ ਲਿਸਟ ਵਿੱਚ 8ਵੇਂ ਨੰਬਰ ਉਤੇ ਬਰਕਰਾਰ ਹੈ, ਫਿਲਮ ਨੇ ਭਾਰਤ ਵਿੱਚੋਂ 7.23 ਕਰੋੜ ਅਤੇ ਪੂਰਾ 9.53 ਕਰੋੜ ਦਾ ਅੰਕੜਾ ਛੂਹਿਆ ਹੈ।
ਗਾਂਧੀ 3: ਯਾਰਾਂ ਦਾ ਯਾਰ
ਦੇਵ ਖਰੌੜ ਸਟਾਰਰ ਫਿਲਮ 'ਗਾਂਧੀ 3' ਵੀ ਇਸ ਲਿਸਟ ਵਿੱਚ 9ਵੇਂ ਸਥਾਨ ਉਤੇ ਹੈ, ਇਸ ਫਿਲਮ ਨੇ ਸਾਰਾ 5.49 ਕਰੋੜ ਦਾ ਕਲੈਕਸ਼ਨ ਕੀਤਾ, ਹਾਲਾਂਕਿ ਇਹ ਫਿਲਮ ਉਮੀਦ ਉਤੇ ਖ਼ਰੀ ਨਹੀਂ ਉਤਰ ਸਕੀ ਸੀ।
ਸ਼ਾਯਰ
ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਸ਼ਾਯਰ' ਨੇ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਤੋਂ ਸ਼ਾਨਦਾਰ ਟਿੱਪਣੀਆਂ ਪ੍ਰਾਪਤ ਕੀਤੀਆਂ, ਪਰ ਫਿਲਮ ਨੇ ਬਾਕਸ ਆਫਸ ਉਤੇ ਸਾਰਾ 4.55 ਕਰੋੜ ਦਾ ਕਲੈਕਸ਼ਨ ਹੀ ਕੀਤਾ। ਜੋ ਕਿ ਕਾਫੀ ਘੱਟ ਹੈ।
ਇਹ ਵੀ ਪੜ੍ਹੋ: