ਹੈਦਰਾਬਾਦ: ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਨੂੰ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੇ ਅਪਡੇਟ ਦਿੰਦਾ ਰਹਿੰਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ ਵੀਡੀਓ ਕਾਲ ਅਨੁਭਵ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਿਹਾ ਹੈ। ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੁਣ ਵੀਡੀਓ ਕਾਲਿੰਗ 'ਚ AR ਦਾ ਫੀਚਰ ਲਿਆਉਣ ਜਾ ਰਹੀ ਹੈ। ਹਾਲ ਹੀ 'ਚ ਆਈ ਇੱਕ ਰਿਪੋਰਟ ਅਨੁਸਾਰ, ਇਹ ਫੀਚਰ ਐਂਡਰਾਈਡ ਲਈ ਬੀਟਾ ਟੈਸਟਿੰਗ ਅਧੀਨ ਸੀ ਅਤੇ ਹੁਣ iOS ਯੂਜ਼ਰਸ ਵੀ ਇਸ ਨੂੰ ਦੇਖ ਸਕਣਗੇ।
WABetaInfo ਦੀ ਰਿਪੋਰਟ ਅਨੁਸਾਰ, ਇਸ ਫੀਚਰ ਦਾ ਉਦੇਸ਼ ਵੀਡੀਓ ਕਾਲਾਂ ਲਈ ਵਿਅਕਤੀਗਤਕਰਨ ਅਤੇ ਇੰਟਰਐਕਟੀਵਿਟੀ ਦੇ ਇੱਕ ਨਵੇਂ ਪੱਧਰ ਨੂੰ ਲਿਆਉਣਾ ਹੈ, ਉਨ੍ਹਾਂ ਨੂੰ ਵਧੇਰੇ ਦਿਲਚਸਪ ਅਤੇ ਮਜ਼ੇਦਾਰ ਬਣਾਉਣਾ ਹੈ। ਜਾਣਕਾਰੀ ਮੁਤਾਬਕ, ਫਿਲਹਾਲ ਕਾਲ ਇਫੈਕਟਸ ਅਤੇ ਫਿਲਟਰਸ ਲਈ ਇਹ AR ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ, ਜੋ iOS ਲਈ WhatsApp ਬੀਟਾ ਦੇ ਲੇਟੈਸਟ ਵਰਜ਼ਨ ਦੀ ਵਰਤੋਂ ਕਰਦੇ ਹਨ। ਰਿਪੋਰਟ ਦੀ ਮੰਨੀਏ, ਤਾਂ ਇਸ ਫੀਚਰ ਨੂੰ ਆਉਣ ਵਾਲੇ ਹਫਤਿਆਂ 'ਚ ਜਲਦ ਹੀ ਹੋਰ ਯੂਜ਼ਰਸ ਲਈ ਉਪਲੱਬਧ ਕਰਵਾਇਆ ਜਾਵੇਗਾ।