ਹੈਦਰਾਬਾਦ: ਵਟਸਐਪ ਅਤੇ ਥ੍ਰੈਡਸ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹੁਣ ਇਨ੍ਹਾਂ ਦੋਨੋ ਐਪਾਂ ਨੂੰ ਲੈ ਕੇ ਚੀਨ 'ਚ ਪਾਬੰਧੀ ਲਗਾ ਦਿੱਤੀ ਗਈ ਹੈ। ਅਮਰੀਕਾ ਅਤੇ ਚੀਨ ਦੇ ਵਿਚਕਾਰ ਚੱਲ ਰਹੇ ਯੁੱਧ ਦਾ ਸਾਹਮਣਾ ਮੈਟਾ ਨੂੰ ਵੀ ਕਰਨਾ ਪੈ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਮਰੀਕਾ 'ਚ ਚੀਨੀ ਐਪ TikTok ਨੂੰ ਕਈ ਰੈਗੂਲੇਟਰੀ ਨਿਯਮਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੁਣ ਚੀਨ 'ਚ ਅਮਰੀਕੀ ਕੰਪਨੀਆਂ ਦੀ ਵੀ ਪਰੇਸ਼ਾਨੀ ਵੱਧ ਰਹੀ ਹੈ।
ਚੀਨ ਸਰਕਾਰ ਨੇ ਦਿੱਤੇ ਆਦੇਸ਼: ਚੀਨ ਸਰਕਾਰ ਦੇ ਆਦੇਸ਼ ਤੋਂ ਬਾਅਦ ਐਪਲ ਨੇ ਅਮਰੀਕੀ ਦਿੱਗਜ਼ ਕੰਪਨੀ ਮੈਟਾ ਦੇ ਦੋ ਸੋਸ਼ਲ ਮੀਡੀਆ ਪਲੇਟਫਾਰਮਾਂ ਵਟਸਐਪ ਅਤੇ ਥ੍ਰੈਡਸ ਨੂੰ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਹੈ। ਚੀਨ ਨੇ ਸੁਰੱਖਿਆ ਦੇ ਚਲਦਿਆਂ ਦੋਨੋ ਐਪਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ, ਮੈਟਾ ਦੇ ਹੋਰ ਐਪ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੇਂਜ਼ਰ ਅਜੇ ਵੀ ਐਪਲ ਐਪ ਸਟੋਰ 'ਤੇ ਉਪਲਬਧ ਹਨ।
ਵਟਸਐਪ ਅਤੇ ਥ੍ਰੈਡਸ ਤੋਂ ਚੀਨ ਨੂੰ ਹੋ ਸਕਦੈ ਖਤਰਾ: ਮਿਲੀ ਜਾਣਕਾਰੀ ਅਨੁਸਾਰ, ਐਪਲ ਨੇ ਮੈਟਾ ਦੀਆਂ ਦੋ ਐਪਾਂ ਨੂੰ ਹਟਾਉਣ ਨੂੰ ਲੈ ਕੇ ਜਾਰੀ ਕੀਤੇ ਬਿਆਨ 'ਚ ਦੱਸਿਆ ਹੈ ਕਿ ਚੀਨ ਦੇ ਸਾਈਬਰਸਪੇਸ ਪ੍ਰਸ਼ਾਸਨ ਨੇ ਵਟਸਐਪ ਅਤੇ ਥ੍ਰੈਡਸ ਐਪਸ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਐਪਲ ਦਾ ਕਹਿਣਾ ਹੈ ਕਿ ਅਸੀ ਜਿਹੜੇ ਦੇਸ਼ 'ਚ ਕੰਮ ਕਰਦੇ ਹਾਂ, ਉੱਥੋ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਚਾਹੇ ਅਸੀ ਉਨ੍ਹਾਂ ਨਿਯਮਾਂ ਨਾਲ ਅਸਹਿਮਤ ਹੋਈਏ। ਇਸਦੇ ਨਾਲ ਹੀ, ਐਪਲ ਨੇ ਅੱਗੇ ਕਿਹਾ ਕਿ ਜੇਕਰ ਚੀਨੀ ਉਪਭੋਗਤਾ ਕਿਸੇ ਹੋਰ ਦੇਸ਼ ਵਿੱਚ ਜਾਂਦੇ ਹਨ ਜਾਂ ਫਿਰ ਸਫ਼ਰ ਲਈ ਕਿਸੇ ਹੋਰ ਦੇਸ਼ 'ਚ ਗਏ ਹਨ, ਤਾਂ ਅਜਿਹੇ ਲੋਕ ਉਸ ਸਮੇਂ ਇਨ੍ਹਾਂ ਐਪਾਂ ਨੂੰ ਡਾਊਨਲੋਡ ਕਰ ਸਕਣਗੇ। ਚੀਨੀ ਸਰਕਾਰ ਦੇ ਆਦੇਸ਼ 'ਤੇ ਮੈਟਾ ਨੇ ਅਜੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਇਸਦੇ ਨਾਲ ਹੀ, ਚੀਨ ਦੇ ਸਾਈਬਰਸਪੇਸ ਪ੍ਰਸ਼ਾਸਨ ਨੇ ਵੀ ਇਸ ਬਾਰੇ ਅਜੇ ਕੋਈ ਗੱਲ ਨਹੀਂ ਕਹੀ ਹੈ।
ਚੀਨ ਸਰਕਾਰ ਨੇ ਵਟਸਐਪ ਅਤੇ ਥ੍ਰੈਡਸ 'ਤੇ ਕਿਉ ਕੀਤੀ ਕਾਰਵਾਈ?: ਕੁਝ ਐਕਸਪਰਟਸ ਦਾ ਮੰਨਣਾ ਹੈ ਕਿ ਮੈਟਾ ਦੀਆਂ ਐਪਾਂ 'ਤੇ ਲਿਆ ਗਿਆ ਐਕਸ਼ਨ ਚੀਨ ਦੇ ਨਵੇਂ ਨਿਯਮਾਂ ਕਰਕੇ ਹੋਇਆ ਹੈ। ਨਵੇਂ ਨਿਯਮਾਂ ਦੇ ਤਹਿਤ ਚੀਨ 'ਚ ਕੰਮ ਕਰਨ ਵਾਲੀਆਂ ਸਾਰੀਆਂ ਐਪਾਂ ਨੂੰ ਸਰਕਾਰ ਕੋਲ੍ਹ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਚੀਨ 'ਚ ਐਪਾਂ ਨੂੰ ਰਜਿਸਟਰ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਤੱਕ ਸੀ, ਜੋ ਕਿ ਹੁਣ ਖਤਮ ਹੋ ਗਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਚੀਨ ਪਹਿਲਾ ਵੀ ਕਈ ਐਪਾਂ 'ਤੇ ਕਾਰਵਾਈ ਕਰ ਚੁੱਕਾ ਹੈ।