ਨਵੀਂ ਦਿੱਲੀ: ਐਲੋਨ ਮਸਕ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਮਸਕ ਨੇ ਸਪੇਸਐਕਸ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਸਪੇਸਐਕਸ ਕਿਸੇ ਨੂੰ ਵੀ ਪੁਲਾੜ ਵਿੱਚ ਜਾਣ, ਚੰਦਰਮਾ ਅਤੇ ਮੰਗਲ ਗ੍ਰਹਿ ਦੀ ਯਾਤਰਾ ਕਰਨ ਦੇ ਯੋਗ ਬਣਾਵੇਗਾ। ਤਕਨੀਕੀ ਅਰਬਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਸ਼ੇਅਰ ਕੀਤਾ ਹੈ। ਇਸ ਦੌਰਾਨ ਮਸਕ ਦੀ ਸੈਟੇਲਾਈਟ ਅਧਾਰਿਤ ਇੰਟਰਨੈਟ ਸੇਵਾ ਸਟਾਰਲਿੰਕ ਨੇ 99 ਦੇਸ਼ਾਂ ਵਿੱਚ 3 ਮਿਲੀਅਨ ਗ੍ਰਾਹਕਾਂ ਨੂੰ ਪਾਰ ਕਰ ਲਿਆ ਹੈ। ਇਹ ਸੇਵਾ ਹਾਲ ਹੀ ਵਿੱਚ ਇੰਡੋਨੇਸ਼ੀਆ ਅਤੇ ਫਿਜੀ ਵਿੱਚ ਸ਼ੁਰੂ ਕੀਤੀ ਗਈ ਹੈ।
ਸਪੇਸਐਕਸ ਦੇ ਸੀਈਓ ਐਲੋਨ ਮਸਕ ਅਨੁਸਾਰ, ਇਸ ਸਾਲ ਦੇ ਅੰਤ 'ਚ ਸਪੇਸਐਕਸ ਦੁਆਰਾ ਧਰਤੀ ਦੇ ਸਾਰੇ ਪੇਲੋਡਾਂ ਦਾ 90 ਫੀਸਦੀ ਤੋਂ ਵੱਧ ਹਿੱਸਾ ਧਰਤੀ ਦੇ ਹੇਠਲੇ ਚੱਕਰ ਵਿੱਚ ਪਹੁੰਚਾਉਣ ਦੀ ਉਮੀਦ ਹੈ। ਵਰਤਮਾਨ ਵਿੱਚ ਸਪੇਸਐਕਸ ਦਾ ਰਾਕੇਟ ਫਾਲਕਨ ਲਗਭਗ 80 ਫੀਸਦੀ ਤੱਕ ਮੁੜ-ਵਰਤੋਂ ਯੋਗ ਹੈ ਅਤੇ ਇਸਦਾ ਮੈਗਾ ਰਾਕੇਟ 'ਸਟਾਰਸ਼ਿਪ' ਅੰਤ ਵਿੱਚ ਮੁੜ ਵਰਤੋਂਯੋਗਤਾ ਨੂੰ ਲਗਭਗ 100 ਫੀਸਦੀ ਤੱਕ ਲੈ ਜਾਵੇਗਾ।