ਹੈਦਰਾਬਾਦ: ਸੈਮਸੰਗ ਮੋਬਾਈਲ ਇੰਡੀਆ ਨੇ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਆਪਣੀ ਪਹਿਲੀ ਸਮਾਰਟ ਰਿੰਗ ਲਾਂਚ ਕਰ ਦਿੱਤੀ ਹੈ। ਦੱਖਣੀ ਕੋਰੀਆਈ ਤਕਨੀਕੀ ਕੰਪਨੀ ਨੇ ਆਪਣੀ ਸੈਮਸੰਗ ਗਲੈਕਸੀ ਰਿੰਗ ਨੂੰ 38,999 ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਹੈ। ਇਹ ਭਾਰਤ ਵਿੱਚ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ, ਐਮਾਜ਼ਾਨ ਅਤੇ ਫਲਿੱਪਕਾਰਟ ਸਮੇਤ ਚੋਣਵੇਂ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲਬਧ ਹੋਵੇਗੀ।
ਸੈਮਸੰਗ ਗਲੈਕਸੀ ਰਿੰਗ ਦੇਸ਼ ਵਿੱਚ ਉਪਲਬਧ ਸਭ ਤੋਂ ਮਹਿੰਗੇ ਸਮਾਰਟ ਰਿੰਗਾਂ ਵਿੱਚੋਂ ਇੱਕ ਹੈ, ਜਿਸ ਕਾਰਨ ਸੈਮਸੰਗ ਇਸ ਪਹਿਨਣਯੋਗ ਗੈਜੇਟ ਲਈ 24-ਮਹੀਨੇ ਦੀ ਬਿਨ੍ਹਾਂ ਲਾਗਤ ਵਾਲੇ EMI ਪਲੈਨ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਨਾਲ ਇਹ 1,625 ਰੁਪਏ ਪ੍ਰਤੀ ਮਹੀਨਾ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਸੈਮਸੰਗ 18 ਅਕਤੂਬਰ 2024 ਤੱਕ ਗਲੈਕਸੀ ਰਿੰਗ ਖਰੀਦਣ ਵਾਲੇ ਗਾਹਕਾਂ ਨੂੰ 25W ਟ੍ਰੈਵਲ ਅਡਾਪਟਰ ਵੀ ਦੇ ਰਿਹਾ ਹੈ।
ਸੈਮਸੰਗ ਦੀ ਨਵੀਂ ਸਮਾਰਟ ਰਿੰਗ ਤਿੰਨ ਰੰਗਾਂ ਟਾਈਟੇਨੀਅਮ ਬਲੈਕ, ਟਾਈਟੇਨੀਅਮ ਸਿਲਵਰ ਅਤੇ ਟਾਈਟੇਨੀਅਮ ਗੋਲਡ ਵਿੱਚ ਉਪਲਬਧ ਹੈ। ਇਹ ਸਾਈਜ਼ 5 ਤੋਂ 13 ਸਾਈਜ਼ ਤੱਕ ਨੌਂ ਵੱਖ-ਵੱਖ ਆਕਾਰਾਂ ਵਿੱਚ ਉਪਲਬਧ ਹੈ ਅਤੇ ਇੱਕ ਰਵਾਇਤੀ ਰਿੰਗ ਵਾਂਗ ਫਿੱਟ ਕੀਤਾ ਗਿਆ ਹੈ। ਗ੍ਰਾਹਕ ਡਿਵਾਈਸ ਨੂੰ ਖਰੀਦਣ ਤੋਂ ਪਹਿਲਾਂ ਸਭ ਤੋਂ ਵਧੀਆ ਫਿਟ ਦੀ ਪੁਸ਼ਟੀ ਕਰਨ ਲਈ ਸੈਮਸੰਗ ਤੋਂ ਸਾਈਜ਼ਿੰਗ ਕਿੱਟ ਵੀ ਲੈ ਸਕਦੇ ਹਨ।