ਹੈਦਰਾਬਾਦ:ਐਲੋਨ ਮਸਕ ਅੱਜ ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸੇਵਾ ਸ਼ੁਰੂ ਕਰਨ ਲਈ ਇੰਡੋਨੇਸ਼ੀਆ ਦੇ ਰਿਜ਼ੋਰਟ ਟਾਪੂ ਬਾਲੀ ਪਹੁੰਚੇ ਹਨ। ਐਲੋਨ ਮਸਕ ਪ੍ਰਾਈਵੇਟ ਜੈੱਟ ਰਾਹੀਂ ਬਾਲੀ ਪਹੁੰਚੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਟਾਪੂ ਆਪਣੇ ਗਰਮ ਤੱਟ, ਚੌਲਾਂ ਦੇ ਖੇਤਾਂ, ਰਹੱਸਮਈ ਮੰਦਰਾਂ ਲਈ ਮਸ਼ਹੂਰ ਹੈ। ਅੱਜ ਇੰਡੋਨੇਸ਼ੀਆ 'ਚ ਇਹ ਸੇਵਾ ਲਾਂਚ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉੱਥੋ ਦੇ ਲੋਕਾਂ ਨੂੰ ਹਾਈ ਸਪੀਡ ਇੰਟਰਨੈੱਟ ਮਿਲ ਜਾਵੇਗਾ।
ਇੰਡੋਨੇਸ਼ੀਆ 'ਚ ਲਾਂਚ ਹੋਵੇਗੀ ਇੰਟਰਨੈੱਟ ਸੇਵਾ:ਮਸਕ ਅੱਜ ਬਾਲੀ ਦੀ ਰਾਜਧਾਨੀ ਡੇਨਪਾਸਰ 'ਚ ਪਬਲਿਕ ਹੈਲਥ ਕਲੀਨਿਕ ਵਿੱਚ ਇੱਕ ਸਮਾਰੋਹ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਨਾਲ ਇਸ ਸੇਵਾ ਦੀ ਸ਼ੁਰੂਆਤ ਕਰਨਗੇ। ਇੰਡੋਨੇਸ਼ੀਆ ਦੇ ਸਮੁੰਦਰੀ ਅਤੇ ਨਿਵੇਸ਼ ਤਾਲਮੇਲ ਮੰਤਰੀ ਲੁਹੂਤ ਬਿਨਸਰ ਪੰਡਜੈਤਨ ਨੇ ਹਵਾਈ ਅੱਡੇ 'ਤੇ ਮਸਕ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਸਕ ਦੇਸ਼ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਸੰਪਰਕ ਵਧਾਉਣ ਲਈ ਇੱਕ ਸਮਝੌਤੇ 'ਤੇ ਵੀ ਦਸਤਖਤ ਕਰਨਗੇ। ਹਾਲਾਂਕਿ, ਵਿਡੋਡੋ ਦੇ ਕਰੀਬੀ ਸਹਿਯੋਗੀ ਪੰਡਜੈਟਨ ਨੇ ਇੰਡੋਨੇਸ਼ੀਆ ਦੀ ਸਰਕਾਰ ਅਤੇ ਮਸਕ ਦੀ ਸਪੇਸਐਕਸ ਕੰਪਨੀ ਵਿਚਕਾਰ ਸਮਝੌਤੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।