ਨਵੀਂ ਦਿੱਲੀ: ਵੋਡਾਫੋਨ ਆਈਡੀਆ ਨੂੰ ਹੁਣ ਵੱਡਾ ਝਟਕਾ ਲੱਗਾ ਹੈ। ਦੂਰਸੰਚਾਰ ਵਿਭਾਗ ਨੇ ਵੋਡਾਫੋਨ ਆਈਡੀਆ (VIL) ਨੂੰ 6,090 ਕਰੋੜ ਰੁਪਏ ਦੀ ਬੈਂਕ ਗਰੰਟੀ ਪ੍ਰਦਾਨ ਕਰਨ ਲਈ ਕਿਹਾ ਹੈ। ਇਸ ਲਈ ਦੂਰਸੰਚਾਰ ਵਿਭਾਗ ਨੇ ਵੋਡਾਫੋਨ ਆਈਡੀਆ ਨੂੰ 10 ਮਾਰਚ ਤੱਕ ਦੀ ਤਾਰੀਕ ਦਿੱਤੀ ਹੈ। ਇਹ ਗਰੰਟੀ ਇੱਕ ਸਾਲ ਲਈ ਵੈਧ ਹੋਵੇਗੀ। ਸਰਕਾਰ ਨੇ ਕੰਪਨੀ ਨੂੰ 5493 ਕਰੋੜ ਰੁਪਏ ਨਕਦ ਜਮ੍ਹਾ ਕਰਨ ਦਾ ਵਿਕਲਪ ਵੀ ਦਿੱਤਾ ਹੈ। ਇਸ ਤੋਂ ਇਲਾਵਾ 2015 ਤੋਂ ਬਾਅਦ ਪ੍ਰਾਪਤ ਹੋਏ ਸਪੈਕਟ੍ਰਮ 'ਤੇ ਬੈਂਕ ਗਰੰਟੀ ਵੀ ਦੇਣੀ ਪਵੇਗੀ।
ਵੋਡਾਫੋਨ ਆਈਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਹੀ ਇਹ ਗੱਲ
ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਆਈਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਕਸ਼ੈ ਮੁੰਦਰਾ ਨੇ ਏਜੀਆਰ ਬਕਾਏ ਦੇ ਜਲਦੀ ਹੱਲ ਦੀ ਉਮੀਦ ਜਤਾਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕੰਪਨੀ ਫੰਡ ਇਕੱਠਾ ਕਰਨ ਲਈ ਬੈਂਕਾਂ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰ ਰਹੀ ਹੈ। ਅਕਸ਼ੈ ਮੁੰਦਰਾ ਨੇ ਤੀਜੀ ਤਿਮਾਹੀ ਦੀ ਕਮਾਈ ਕਾਲ ਦੌਰਾਨ ਇਹ ਗੱਲਾਂ ਸਾਂਝੀਆਂ ਕੀਤੀਆਂ ਸੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਸੰਕੇਤ ਦਿੱਤੇ ਸੀ।
ਦੱਸ ਦੇਈਏ ਕਿ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਦਾ ਦਸੰਬਰ ਤਿਮਾਹੀ ਵਿੱਚ ਘਾਟਾ 6,609 ਕਰੋੜ ਰੁਪਏ ਰਹਿ ਗਿਆ ਸੀ ਜੋ ਇੱਕ ਸਾਲ ਪਹਿਲਾਂ ਇਸੇ ਸਮੇਂ ਵਿੱਚ 6,986 ਕਰੋੜ ਰੁਪਏ ਸੀ। ਵਿੱਤੀ ਸਾਲ 25 ਦੀ ਤੀਜੀ ਤਿਮਾਹੀ ਵਿੱਚ ਕੰਪਨੀ ਦੀ ਸੰਚਾਲਨ ਆਮਦਨ ₹11,117 ਕਰੋੜ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ ₹10,673 ਕਰੋੜ ਦੇ ਮੁਕਾਬਲੇ 4% ਵੱਧ ਹੈ।
ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਘਾਟੇ ਵਿੱਚ ਵੀ ਸੁਧਾਰ ਹੋਇਆ ਹੈ। ਜੁਲਾਈ-ਸਤੰਬਰ ਤਿਮਾਹੀ ਵਿੱਚ ਕੰਪਨੀ ਦਾ ਘਾਟਾ 7,176 ਕਰੋੜ ਰੁਪਏ ਸੀ, ਜਿਸ ਨਾਲ ਮੌਜੂਦਾ ਤਿਮਾਹੀ ਵਿੱਚ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ, ਕੰਪਨੀ ਦੀ ਆਮਦਨ Q3FY25 ਵਿੱਚ 1.7% ਵਧੀ ਹੈ ਜਦਕਿ Q2FY25 ਵਿੱਚ ਇਹ 10,932 ਕਰੋੜ ਰੁਪਏ ਸੀ।
ਦਸੰਬਰ ਦੇ ਇੱਕ ਬਿਆਨ ਵਿੱਚ ਵੋਡਾਫੋਨ ਆਈਡੀਆ ਨੇ ਸਪੱਸ਼ਟ ਕੀਤਾ ਸੀ ਕਿ ਪੰਜ ਨਿਲਾਮੀਆਂ ਵਿੱਚੋਂ 2012, 2014, 2016 ਅਤੇ 2021 ਦੀਆਂ ਨਿਲਾਮੀਆਂ ਲਈ ਕਿਸੇ ਬੈਂਕ ਗਾਰੰਟੀ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, 2015 ਦੀ ਨਿਲਾਮੀ ਲਈ ਇੱਕ ਵਾਰ ਦੀ ਅੰਸ਼ਕ ਘਾਟ ਬਾਕੀ ਹੈ, ਜਿੱਥੇ ਕੀਤੇ ਗਏ ਸਾਰੇ ਭੁਗਤਾਨਾਂ ਦਾ NPV ਵਰਤੇ ਗਏ ਸਪੈਕਟ੍ਰਮ ਦੇ ਅਨੁਪਾਤੀ ਮੁੱਲ ਤੋਂ ਘੱਟ ਹੈ।
ਇਹ ਵੀ ਪੜ੍ਹੋ:-