ਹੈਦਰਾਬਾਦ: ਚੋਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਚੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਕਈ ਚੋਰ ਰਾਸਤੇ 'ਚ ਜਾਂਦੇ ਲੋਕਾਂ ਤੋਂ ਫੋਨ ਅਤੇ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਹਨ। ਫੋਨ ਵਿੱਚ ਜ਼ਰੂਰੀ ਡਾਟਾ ਹੁੰਦਾ ਹੈ, ਜਿਸਦੀ ਚੋਰਾਂ ਵੱਲੋ ਦੁਰਵਰਤੋ ਵੀ ਕੀਤੀ ਜਾ ਸਕਦੀ ਹੈ, ਜਿਸਦੇ ਚਲਦਿਆਂ ਗੂਗਲ ਨੇ ਇਸ ਸਮੱਸਿਆ ਨੂੰ ਖਤਮ ਕਰਨ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ 'Theft Detection Lock' ਹੈ।
Google I/O 2024 'ਚ ਕੰਪਨੀ ਨੇ ਐਂਡਰਾਈਡ ਫੋਨ ਲਈ 'Theft Detection Lock' ਫੀਚਰ ਪੇਸ਼ ਕੀਤਾ ਸੀ, ਜੋ ਫੋਨ ਚੋਰੀ ਹੋਣ 'ਤੇ AI ਦਾ ਇਸਤੇਮਾਲ ਕਰਦਾ ਹੈ। ਹੁਣ ਗੂਗਲ ਨੇ ਐਲਾਨ ਕੀਤਾ ਹੈ ਕਿ ਬ੍ਰਾਜ਼ੀਲ ਇਸ ਫੀਚਰ ਦੀ ਟੈਸਟਿੰਗ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। ਐਂਡਰਾਈਡ ਫੋਨ ਲਈ 'Theft Detection Lock' ਫੀਚਰ ਇੱਕ ਅਜਿਹੀ ਤਕਨੀਕ ਪ੍ਰਦਾਨ ਕਰਦਾ ਹੈ, ਜੋ ਚੋਰੀ ਹੋਣ 'ਤੇ ਡਿਵਾਈਸ ਨੂੰ ਖੁਦ ਲੌਕ ਕਰ ਦਿੰਦਾ ਹੈ।
'Theft Detection Lock' ਫੀਚਰ ਦਾ ਕੰਮ: 'Theft Detection Lock' ਫੀਚਰ ਦਾ ਕੰਮ ਫੋਨ 'ਚ ਯੂਜ਼ਰਸ ਦੇ ਸਟੋਰ ਡਾਟਾ ਨੂੰ ਸੁਰੱਖਿਅਤ ਕਰਨਾ ਹੈ। ਗੂਗਲ ਅਨੁਸਾਰ, ਇਹ ਫੀਚਰ ਚੋਰੀ ਤੋਂ ਪਹਿਲਾ, ਚੋਰੀ ਦੌਰਾਨ ਅਤੇ ਚੋਰੀ ਤੋਂ ਬਾਅਦ ਯੂਜ਼ਰਸ ਦੀ ਸੁਰੱਖਿਆ ਕਰੇਗਾ। ਚੋਰੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਹ ਫੀਚਰ ਸ਼ੱਕੀ ਗਤੀਵਿਧੀ ਦਾ ਪਤਾ ਲੱਗਣ 'ਤੇ ਯੂਜ਼ਰਸ ਦੇ ਡੇਟਾ ਨੂੰ ਤੁਰੰਤ ਸੁਰੱਖਿਅਤ ਕਰਨ ਲਈ ਤਿਆਰ ਕੀਤਾ ਗਿਆ ਹੈ।
'Theft Detection Lock' ਫੀਚਰ ਦੀ ਵਰਤੋ:ਇਸ ਫੀਚਰ 'ਚ ਸ਼ੁਰੂਆਤੀ ਟੈਸਟ ਪੜਾਅ 'ਚ ਤਿੰਨ ਤਰ੍ਹਾਂ ਦੇ ਲੌਕ ਹੋਣਗੇ। ਇਨ੍ਹਾਂ 'ਚ ਪਹਿਲਾ ਲੌਕ ਗੂਗਲ AI ਦਾ ਇਸਤੇਮਾਲ ਕਰੇਗਾ, ਜੋ ਚੋਰੀ ਨਾਲ ਜੁੜੀਆਂ ਆਮ ਹਰਕਤਾਂ ਦੇ ਸੰਕੇਤਾਂ ਦੀ ਪਹਿਚਾਣ ਕਰਨ ਲਈ ਬਣਾਇਆ ਗਿਆ ਹੈ। ਇਹ ਫੀਚਰ ਇਨ੍ਹਾਂ ਹਰਕਤਾਂ ਨੂੰ ਪਹਿਚਾਣ ਕੇ ਸਕ੍ਰੀਨ ਨੂੰ ਬਲੌਕ ਕਰ ਦੇਵੇਗਾ। ਦੂਜਾ ਲੌਕ ਯੂਜ਼ਰਸ ਨੂੰ ਫੋਨ ਨੰਬਰ ਦਰਜ ਕਰਕੇ ਅਤੇ ਕਿਸੇ ਦੂਜੇ ਡਿਵਾਈਸ ਨਾਲ ਸੁਰੱਖਿਆ ਚੈਲੇਂਜ ਨੂੰ ਪੂਰਾ ਕਰਕੇ ਡਿਵਾਈਸ ਦੀ ਸਕ੍ਰੀਨ ਨੂੰ ਦੂਰ ਤੋਂ ਹੀ ਲੌਕ ਕਰਨ ਦੀ ਸੁਵਿਧਾ ਦਿੰਦਾ ਹੈ। ਤੀਜਾ ਲੌਕ ਡਿਵਾਈਸ ਨੂੰ ਲੰਬੇ ਸਮੇਂ ਤੱਕ ਇੰਟਰਨੈੱਟ ਐਕਸੇਸ ਕੀਤੇ ਬਿਨ੍ਹਾਂ ਸਕ੍ਰੀਨ ਨੂੰ ਆਪਣੇ ਆਪ ਲੌਕ ਕਰ ਦੇਵੇਗਾ।
ਇਨ੍ਹਾਂ ਯੂਜ਼ਰਸ ਲਈ ਆਵੇਗਾ 'Theft Detection Lock' ਫੀਚਰ: ਕੰਪਨੀ ਅਨੁਸਾਰ, 'Theft Detection Lock' ਫੀਚਰ ਜੁਲਾਈ ਤੋਂ ਬ੍ਰਾਜ਼ੀਲ ਦੇ ਐਂਡਰਾਈਡ 10 ਜਾਂ ਇਸ ਤੋਂ ਉੱਪਰਲੇ ਵਰਜ਼ਨ ਵਾਲੇ ਫੋਨਾਂ ਲਈ ਉਪਲਬਧ ਹੋਵੇਗਾ। ਇਸ ਫੀਚਰ ਨੂੰ ਹੌਲੀ-ਹੌਲੀ ਦੂਜੇ ਦੇਸ਼ਾਂ 'ਚ ਵੀ ਜਾਰੀ ਕਰ ਦਿੱਤਾ ਜਾਵੇਗਾ।